ਸਰਸ ਮੇਲੇ ’ਚ ਦੇਸ਼ ਭਰ ਦੇ ਸ਼ਿਲਪਕਾਰ ਤੇ ਦਸਤਕਾਰ ਲੈ ਰਹੇ ਨੇ ਹਿੱਸਾ : ਡੀਸੀ
ਸਰਸ ਮੇਲੇ ਦੌਰਾਨ ਸਰਸ ਮੇਲੇ ਦੌਰਾਨ ਸਰਸ ਮੇਲੇ ਦੌਰਾਨ
Publish Date: Fri, 13 Mar 2026 08:24 PM (IST)
Updated Date: Sat, 14 Mar 2026 04:13 AM (IST)
-ਕਿਹਾ, ਵੱਖ-ਵੱਖ ਸੂਬਿਆਂ ਦੇ ਸਜੇ ਪਕਵਾਨਾਂ ਨੇ ਜਿੱਤਿਆ ਮਾਨਸਾ ਵਾਸੀਆਂ ਦਾ ਦਿਲ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਮਾਨਸਾ ਵਿਖੇ ਅੱਜ ਅਰੰਭ ਹੋਇਆ 'ਸਰਸ ਮੇਲਾ' ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸ਼ਿਲਪਕਾਰਾਂ ਅਤੇ ਦਸਤਕਾਰਾਂ ਦੇ ਹੁਨਰ ਨੂੰ ਵੇਖਣ ਲਈ ਪਹਿਲੇ ਦਿਨ ਹੀ ਵੱਡੀ ਗਿਣਤੀ ਲੋਕ ਪੁੱਜੇ। ਲੋਕਾਂ ਨੇ ਜਿੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿਰਸੇ ਨਾਲ ਜੁੜੇ ਸਾਮਾਨ ਦੀ ਖਰੀਦਦਾਰੀ ਕੀਤੀ, ਉੱਥੇ ਹੀ ਵੱਖ-ਵੱਖ ਸੂਬਿਆਂ ਦੇ ਪਕਵਾਨਾਂ ਦਾ ਵੀ ਆਨੰਦ ਮਾਣਿਆ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਅੱਜ ਮੇਲੇ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਇਹ ਮੇਲਾ ਭਾਰਤ ਦੀ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਾਸੀਆਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹ ਇੱਕੋ ਛੱਤ ਹੇਠ ਪੂਰੇ ਭਾਰਤ ਦੇ ਦਰਸ਼ਨ ਕਰ ਸਕਣ।
ਮੇਲੇ ਵਿੱਚ ਕਸ਼ਮੀਰ ਦੀ ਕਢਾਈ, ਰਾਜਸਥਾਨ ਦੀਆਂ ਜੁੱਤੀਆਂ, ਬੰਗਾਲ ਦੇ ਹੈਂਡੀਕਰਾਫਟ ਅਤੇ ਦੱਖਣੀ ਭਾਰਤ ਦੇ ਵਿਸ਼ੇਸ਼ ਸਾਮਾਨ ਦੇ ਸਟਾਲਾਂ 'ਤੇ ਲੋਕਾਂ ਨੇ ਖਰੀਦੋ ਫਰੋਖਤ ਕੀਤੀ। ਖਾਣ-ਪੀਣ ਦੇ ਸ਼ੌਕੀਨਾਂ ਲਈ ਖੇਤਰੀ ਪਕਵਾਨ ਖਿੱਚ ਦਾ ਕੇਂਦਰ ਬਣੇ ਹੋਏ ਹਨ। ਬੱਚਿਆਂ ਦੇ ਮਨੋਰੰਜਨ ਲਈ ਲਗਾਏ ਗਏ ਵੱਡੇ ਝੂਲੇ ਮੇਲੇ ਦੀ ਰੌਣਕ ਨੂੰ ਹੋਰ ਵਧਾ ਰਹੇ ਹਨ।
ਇੱਥੇ ਜ਼ਿਕਰਯੋਗ ਹੈ ਕਿ 14 ਮਾਰਚ ਦੀ ਸ਼ਾਮ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ ਅਤੇ ਮੇਲੇ ਦੀ ਸੱਭਿਆਚਾਰਕ ਸਟੇਜ 'ਤੇ ਰੰਗ ਬੰਨ੍ਹਣਗੇ। ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁੱਜਣ ਵਾਲੇ ਦਰਸ਼ਕਾਂ ਦੇ ਬੈਠਣ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਮਾਨਸਾ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿੱਚ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਦੇਸ਼ ਦੇ ਸੱਭਿਆਚਾਰਾਂ ਦਾ ਆਨੰਦ ਮਾਨਣ।