255 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ ਦੋ ਕਾਬੂ
ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ
Publish Date: Thu, 23 Apr 2026 05:18 PM (IST)
Updated Date: Fri, 24 Apr 2026 04:04 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਰਦੂਲਗੜ੍ਹ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦ ਗਸ਼ਤ ਦੌਰਾਨ 255 ਗ੍ਰਾਮ ਚਿੱਟੇ ਸਮੇਤ ਕਾਰ ਮਰਸਡੀਜ਼ ਦੋ ਵਿਅਕਤੀਆਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਇਹ ਕਾਰਵਾਈ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਪ੍ਰੈਸ ਕਾਨਫ੍ਰੈਂਸ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਜੌੜਕੀਆਂ ਪੁਲਿਸ ਚੌਕੀ ਦੇ ਏਐਸਆਈ ਪਰਮਜੀਤ ਸਿੰਘ ਵੱਲੋਂ ਗਸ਼ਤ ਦੌਰਾਨ ਸ਼ੱਕ ਦੇ ਆਧਾਰ ‘ਤੇ ਯੂਪੀ ਨੰਬਰ ਦੀ ਮਰਸਡੀਜ਼ ਕਾਰ (ਯੂਪੀ 16ਏਜ਼ੈਡ 7371) ਨੂੰ ਚੈੱਕ ਕੀਤਾ ਗਿਆ। ਤਲਾਸ਼ੀ ਦੌਰਾਨ ਗੱਡੀ ਵਿੱਚੋਂ ਪਾਰਦਰਸ਼ੀ ਪੌਲੀਥੀਨ ਬਰਾਮਦ ਹੋਈ। ਇਸ ਵਿੱਚੋਂ 255 ਗ੍ਰਾਮ ਚਿੱਟਾ ਮਿਲਿਆ। ਪੁਲਿਸ ਨੇ ਮੌਕੇ ‘ਤੇ ਹੀ ਗੱਡੀ ਸਮੇਤ ਦੋਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਲਵਦੀਪ ਸਿੰਘ ਉਰਫ਼ ਦੀਪਕ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਡੀਐਸਪੀ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਚਿੱਟਾ ਕਿੱਥੋਂ ਲਿਆ ਗਿਆ ਸੀ ਅਤੇ ਕਿੱਥੇ ਸਪਲਾਈ ਕਰਨਾ ਸੀ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਦੋ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ । ਇਸ ਮੌਕੇ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨੇ ਨਸ਼ੇ ਦੇ ਸੌਦਾਗਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਧੰਦੇ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਵੀ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।