ਜੂਨੀਅਰ ਐਥਲੈਟਿਕ ਮੀਟ ਦੀ ਜੇਤੂ ਟੀਮ ਸਨਮਾਨਿਤ
ਸਰਸਵਤੀ ਪਬਲਿਕ ਸਕੂਲ ਭੀਖੀ ਦੀ ਸਲਾਨਾ
Publish Date: Fri, 06 Feb 2026 07:48 PM (IST)
Updated Date: Sat, 07 Feb 2026 04:09 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਰਸਵਤੀ ਪਬਲਿਕ ਸਕੂਲ ਭੀਖੀ ਦੀ ਸਲਾਨਾ ਜੂਨੀਅਰ ਅਥਲੈਟਿਕ ਮੀਟ ਸਫ਼ਲਤਾ ਪੂਰਵਕ ਸੰਪੰਨ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਸ਼ੀਖਾ ਰਾਣੀ ਨੇ ਦੱਸਿਆ ਕਿ ਇਸ ਜੂਨੀਅਰ ਅਥਲੈਟਿਕ ਮੀਟ ਵਿੱਚ ਨਰਸਰੀ ਕਲਾਸ ਤੋਂ ਸੈਕਿੰਡ ਕਲਾਸ ਤੱਕ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਛੋਟੇ-ਛੋਟੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਅਨੰਦ ਮਾਣਿਆ। ਉਨ੍ਹਾਂ ਹੋਰ ਵੀ ਦੱਸਿਆ ਕਿ ਸਕੂਲ ਵੱਲੋਂ ਨਵੀਂ ਪਿਰਤ ਪਾਉਂਦਿਆਂ ਛੋਟੇ ਬੱਚਿਆਂ ਦੇ ਨਾਲ ਘਰ ਦੇ ਬਜ਼ੁਰਗਾਂ ਜਿਵੇਂ ਦਾਦਾ, ਦਾਦੀ ਤੇ ਨਾਨਾ, ਨਾਨੀ ਨੂੰ ਵੀ ਸੱਦਿਆ ਸੀ ਤਾਂ ਕਿ ਉਹ ਆਪਣੇ ਪੋਤੇ-ਪੋਤੀਆਂ ਨਾਲ ਆਨੰਦ ਮਾਣ ਸਕਣ। ਇਸ ਖ਼ਾਸ ਮੌਕੇ ‘ਤੇ ਬਜ਼ੁਰਗਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਸਕੂਲ ਵੱਲੋਂ ਬਜ਼ੁਰਗਾਂ ਦੀਆਂ ਖੇਡਾਂ ਜਿਵੇਂ ਦੌੜਾ, ਮਟਕਾ ਰੇਸ, ਲੰਗੜੀ ਰੇਸ ਆਦਿ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਬਜ਼ੁਰਗਾਂ ਦਾ ਭੰਗੜਾ ਅਤੇ ਉਨ੍ਹਾਂ ਵੱਲੋਂ ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਪਾਈਆਂ ਗਈਆਂ ਬੋਲੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ। ਸਕੂਲ ਚੇਅਰਮੈਨ ਸੁਰੇਸ਼ ਸਿੰਗਲਾ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ।