ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਫੂਕੀਆਂ ਕਾਪੀਆਂ
ਸੰਘਰਸ਼ ਕਮੇਟੀ ਤਲਵੰਡੀ ਅਕਲੀਆ
Publish Date: Sun, 15 Feb 2026 06:25 PM (IST)
Updated Date: Mon, 16 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਨੇ ਪਿੰਡ ਦੀ ਸੱਥ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ, ਸਿੱਧੂਪੁਰ ਜਥੇਬੰਦੀ) ਦੇ ਸੱਦੇ ਤੇ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਲੋਕਾਂ ਨੂੰ ਸੁਚੇਤ ਕਰਦਿਆਂ ਪ੍ਰਧਾਨ ਸੁਖਦੀਪ ਸਿੰਘ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਦੀ ਕੇਂਦਰ ਸਰਕਾਰ ਅਮਰੀਕਾ ਨਾਲ ਵਪਾਰ ਸਮਝੌਤਾ ਕਰਕੇ ਕਿਸਾਨੀ ਨੂੰ ਖ਼ਤਮ ਕਰਨ ਤੇ ਤੁਲੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਰੈੱਡ ਕੈਟਾਗਰੀ ਦੀਆਂ ਫ਼ੈਕਟਰੀਆਂ ਨੂੰ ਮਨਜ਼ੂਰੀ ਦੇ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬੰਜ਼ਰ ਬਨਾਉਣ ਅਤੇ ਵਾਤਾਵਰਣ ਨੂੰ ਗੰਧਲਾ ਕਰਨ ਦੀ ਖੁੱਲ੍ਹ ਦੇਣ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸੰਘਰਸ਼ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ, ਸਕੱਤਰ ਮਨਪ੍ਰੀਤ ਸਿੰਘ, ਮੀਡੀਆ ਇੰਚਾਰਜ਼ ਖੁਸਵੀਰ ਸਿੰਘ ਅਤੇ ਖਜ਼ਾਨਚੀ ਮਨਪ੍ਰੀਤ ਸਿੰਘ ਮਾਣਕ , ਸਮੂਹ ਕਮੇਟੀ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਾਕਾ ਸਿੰਘ ਤਲਵੰਡੀ ਅਕਲੀਆ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਾਰਪੋਰੇਟਾਂ ਨੂੰ ਅੰਨ੍ਹੀ ਲੁੱਟ ਖਸੁੱਟ ਕਰਨ ਲਈ ਸਰਕਾਰਾਂ ਵੱਲੋਂ ਲਿਆਂਦੇ ਲੋਕ ਮਾਰੂ ਕਾਨੂੰਨਾਂ ਨੂੰ ਰੋਕਣ ਲਈ ਸਾਂਝੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਤਲਵੰਡੀ ਅਕਲੀਆ ਵਾਸੀਆ ਨੇ ਕਿਹਾ ਜੇਕਰ ਇਹ ਅਮਰੀਕਾ ਭਾਰਤ ਟਰੇਡ ਸਮਝੌਤਾ ਰੱਦ ਨਾ ਕਰਵਾਇਆ ਤਾਂ ਪੰਜਾਬ ਦਾ ਕਿਸਾਨ ਅਤੇ ਡੇਅਰੀ ਸੈਕਟਰ ਦਾ ਖਾਤਮਾ ਹੋ ਜਾਵੇਗਾ, ਕਿਉਂਕਿ ਸਮਝੌਤੇ ਤਹਿਤ ਅਮਰੀਕਾ ਦਾ ਅਨਾਜ ਅਤੇ ਦੁੱਧ ਭਾਰਤ ’ਚ ਉਪਲੱਬਧ ਹੋ ਜਾਵੇਗਾ ਤੇ ਲੋਕਲ ਖੇਤੀ ਤੇ ਡੇਅਰੀ ਦਾ ਲੱਕ ਟੁੱਟ ਜਾਵੇਗਾ। ਜਿਕਰਯੋਗ ਹੈ ਅਮਰੀਕਾ ਦਾ ਅਨਾਜ ਜੀਐਮ ਹੈ ਤੇ ਅਮਰੀਕਾ ’ਚ ਗਾਂਵਾ ਤੋਂ ਕੈਮੀਕਲ ਦੀ ਵਰਤੋਂ ਕਰਕੇ ਦੁੱਧ ਲਿਆ ਜਾਂਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਤੇ ਡੀ ਐਨ ਏ ਤੇ ਮਾਰੂ ਪ੍ਰਭਾਵ ਪੈਣਗੇ, ਸੋ ਹਰ ਦੇਸ਼ ਵਾਸੀ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ।