- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਘਰਸ਼ ਕਮੇਟੀ ਤਲਵੰਡੀ ਅਕਲੀਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਘਰਸ਼ ਕਮੇਟੀ ਤਲਵੰਡੀ ਅਕਲੀਆ (ਤਲਵੰਡੀ ਸਾਬੋ ਮੋਰਚਾ) ਦੇ ਅਹੁਦੇਦਾਰ ਤੇ ਮੈਂਬਰ ਟੀਐਸਪੀਲ (ਟੀਐੱਸਪੀਐੱਲ) ਤਲਵੰਡੀ ਸਾਬੋ ਪਾਵਰ ਲਿਮਟਿਡ (ਥਰਮਲ ਪਲਾਂਟ ਬਣਾਂਵਾਲਾ) ਦੇ ਅਧਿਕਾਰੀਆ ਨੂੰ ਮਿਲੇ ਤੇ ਉਨ੍ਹਾਂ ਤੋਂ ਲਿਖਤੀ ਜਾਣਕਾਰੀ ਮੰਗੀ। ਚਿਤਾਵਨੀ ਦਿੰਦਿਆਂ ਕਿਹਾ ਕਿ ਥਰਮਲ ਦੇ ਅਧਿਕਾਰੀ ਪਿਛਲੇ ਤਿੰਨ ਮਹੀਨੇ ਤੋਂ ਲਾਰੇ ਲਾ ਕੇ ਡੰਗ ਟਪਾ ਰਹੇ ਹਨ। ਰੋਹ ’ਚ ਆਏ ਸਥਾਨਕ ਲੋਕ ਹੁਣ ਮਜ਼ਬੂਰ ਹੋ ਕੇ ਧਰਨਾ ਲਗਾਉਣਗੇ। ਥਰਮਲ ਪਲਾਂਟ ਬਣਾਂਵਾਲਾ ਵੱਲੋਂ ਵਿਛਾਈ ਗਈ ਨਿਜੀ ਰੇਲਵੇ ਲਾਇਨ ਹੇਠੋਂ ਜੋ ਵੀ ਤਲਵੰਡੀ ਅਕਲੀਆ ਦੇ ਰਕਬੇ ਦੀ ਸਿੰਚਾਈ ਲਈ ਪੱਕੇ ਖਾਲ ਲੰਘਦੇ ਹਨ। ਉਨ੍ਹਾਂ ਸਭ ਦੀਆਂ ਪੁਲੀਆਂ ਲੈਂਡਸਾਇਡ ਹੋਣ ਕਰਕੇ ਭਰ ਗਈਆਂ ਹਨ, ਜਿੰਨ੍ਹਾਂ ਦੀ ਸਮੇਂ ਸਮੇਂ ਤੇ ਸਫ਼ਾਈ ਕਰਨਾ ਥਰਮਲ ਪਲਾਂਟ ਦੀ ਜ਼ਿੰਮੇਵਾਰੀ ਹੈ, ਜਿਸਨੂੰ 2011 ਤੋਂ ਹੀ ਅਧਿਕਾਰੀ ਅਣਗੌਲਿਆ ਕਰਦੇ ਆ ਰਹੇ ਹਨ।
ਥਰਮਲ ਪਲਾਂਟ ਦੇ ਆਲੇ ਦੁਆਲੇ ਦੇ ਘੇਰੇ ਤਕਰੀਬਨ 15 ਕਿਲੋਮੀਟਰ ਦਾ ਘੇਰੇ ‘ਚ ਪਿਛਲੇ ਤਿੰਨ ਮਹੀਨਿਆਂ ਦੀ ਏਅਰ ਇੰਡੈਕਸ ਕੁਆਲਿਟੀ (ਹਵਾ ਪ੍ਰਦੂਸ਼ਣ) ਦਾ ਵੇਰਵਾ ਚਾਰਟ ਜਨਤਕ ਕਰਨਾ ਥਰਮਲ ਦਾ ਫ਼ਰਜ਼ ਹੈ, ਜਿਸਨੂੰ ਪਹਿਲੇ ਦਿਨ ਤੋਂ ਹੀ ਅਣਗੌਲਿਆ ਕੀਤਾ ਗਿਆ ਹੈ, ਜਿਸ ਕਾਰਨ ਪਲਾਂਟ ਵਲੋਂ ਹਰ ਰੋਜ ਹਵਾ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ ਤੇ ਹਵਾ ਦੀ ਗੁਣਵੱਤਾ ਦਾ ਰਿਕਾਰਡ ਨਾ ਹੋਣ ਕਰਕੇ ਜ਼ਿੰਮੇਵਾਰੀ ਅਧਿਕਾਰੀਆ ਬਚ ਕੇ ਨਿਕਲਣ ’ਚ ਕਾਮਯਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲਾ ਦੇ ਅੰਦਰ ਅਤੇ ਬਾਹਰ ਵਰਤੀਆਂ ਜਾਂਦੀਆ ਆਟੋਮੈਟਿਕ ਮਸ਼ੀਨਾਂ ਦੀ ਗਿਣਤੀ ਦਾ ਲਿਖਤੀ ਵੇਰਵਾ ਮੰਗਿਆ ਗਿਆ ਹੈ ਅਤੇ ਪੁਛਿਆ ਇਹ ਮਸ਼ੀਨਾਂ ਦੀ ਲੋਕੇਸ਼ਨ ਦੱਸੀ ਜਾਵੇ। ਇਹ ਮਸ਼ੀਨਾਂ ਕਿੱਥੇ ਫਿੱਟ ਕੀਤੀਆਂ ਹੋਈਆਂ ਹਨ। ਇਸ ਬਾਬਤ ਕੋਈ ਲਿਖਤੀ ਵੇਰਵਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਥਰਮਲ ਦੀ ਸੁਆਹ ਢੋਣ ਵਾਲੀਆਂ ਗਡੀਆਂ (ਟਰੱਕਾਂ) ’ਚ ਲਈ ਜੋ ਭਾਰ ਤੋਲਣ ਲਈ ਕੰਡਾ ਲੱਗਿਆ ਹੋਇਆ ਹੈ, ਉਸਦੀ ਲੋਕੇਸ਼ਨ ਦੱਸੀ ਜਾਵੇ। ਕਣਕ ਦੀ ਫ਼ਸਲ ਤੇ ਹਰੇ ਚਾਰੇ ਦੀਆਂ ਫ਼ਸਲਾਂ ’ਤੇ ਸ਼ਰੇਆਮ ਸੁਆਹ ਸੁਟੀ ਜਾ ਰਹੀ ਹੈ। ਇਸ ਦੇ ਵੇਰਵੇ ਸਥਾਨਕ ਲੋਕਾਂ ਕੋਲ ਰਿਕਾਰਡ ਰੂਪ ’ਚ ਮੌਜੂਦ ਹਨ। ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸਾਡੇ ਹਵਾ ਪ੍ਰਦੂਸ਼ਣ (ਏਅਰ ਕੁਆਲਿਟੀ) ਪਹਿਲਾਂ ਹੀ ਬਣਾਂਵਾਲਾ ਪਾਵਰ ਪਲਾਂਟ ਕਾਰਨ ਬਹੁਤ ਜ਼ਿਆਦਾ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਮੀਡੀਆ ਇੰਚਾਰਜ ਖੁਸ਼ਵੀਰ ਸਿੰਘ ਖਾਲਸਾ ਨੇ ਕਿਹਾ ਕਿ ਪ੍ਰਦੂਸ਼ਣ ਦੀ ਮਾਰ ਤਾਂ ਅਸੀਂ ਝਲ ਹੀ ਰਹੇ ਹਾਂ। ਉੱਪਰੋਂ ਸਰਕਾਰ ਸਾਡੇ ਤੇ ਜੇਐਸਡਬਲਿਊ ਕਾਰਪੋਰੇਟ ਘਰਾਂਣੇ ਦੀ ਸੀਮੇਂਟ ਫ਼ੈਕਟਰੀ ਲਗਾਉਣ ਦੀਆਂ ਸਕੀਮਾਂ ਘੜ ਰਹੀ ਹੈ। ਕਾਕਾ ਸਿੰਘ ਪ੍ਰਧਾਨ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸਾਡੇ ਪਿੰਡਾ ਦਾ ਉਜਾੜਾ ਲਗਪਗ ਤੈਅ ਹੈ। ਉਨ੍ਹਾਂ ਵਾਤਾਵਰਨ ਕਾਰਕੁੰਨਾ, ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਲੋਕ ਪੱਖੀ ਲੋਕਾਂ ਨੂੰ ਅਪੀਲ ਕੀਤੀ ਕਿ ਸਥਾਨਕ ਲੋਕਾਂ ਦਾ ਸਾਥ ਦੇ ਉਜਾੜੇ ਤੋਂ ਪਿੰਡਾ ਨੂੰ ਬਚਾਇਆ ਜਾਵੇ। ਮਨਪ੍ਰੀਤ ਸਿੰਘ ਭੁੱਲਰ ਸੈਕਟਰੀ ਸੰਘਰਸ਼ ਕਮੇਟੀ ਨੇ ਕਿਹਾ ਕਿ ਥਰਮਲ ਦੇ ਹੇਠਲੇ ਪੱਧਰ ਦੇ ਅਧਿਕਾਰੀਆ ਤੋਂ ਥਰਮਲ ਦੇ ਉਚ ਅਧਿਕਾਰੀ, ਸੀਈਓ ਨਾਲ ਮੀਟਿੰਗ ਕਰਵਾਉਣ ਦਾ ਵਾਰ-ਵਾਰ ਭਰੋਸਾ ਦਿਵਾ ਕੇ ਸਿਰਫ਼ ਲਾਰੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਪ੍ਰਦੂਸ਼ਣ ਖ਼ਿਲਾਫ਼ ਲੋਕ ਲਹਿਰ ਇਲਾਕੇ ਦੇ ਪਿੰਡਾ ’ਚ ਫ਼ੈਲ ਰਹੀ ਹੈ। ਜਲਦ ਹੀ ਵੱਡੇ ਪ੍ਰੋਗਰਾਮ ਐਲਾਨ ਕੀਤਾ ਜਾਵੇਗਾ।