ਕੈਂਸਰ ਤੋਂ ਡਰਨ ਦੀ ਲੋੜ ਨਹੀਂ, ਸਮੇਂ ਸਿਰ ਪਛਾਣ ਜ਼ਰੂਰੀ : ਡਾ. ਸਿੰਗਲਾ
ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਪ੍ਰਧਾਨ
Publish Date: Thu, 05 Feb 2026 06:21 PM (IST)
Updated Date: Thu, 05 Feb 2026 06:23 PM (IST)

- ਵਿਦਿਆਰਥਣਾਂ ਤੇ ਅਧਿਆਪਕਾਂ ਨੂੰ ਕੈਂਸਰ ਬਾਰੇ ਕੀਤਾ ਜਾਗਰੂਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਰੌਇਲ ਵੱਲੋਂ ਪ੍ਰਧਾਨ ਹਰੀਸ਼ ਗਰਗ ਦੀ ਪ੍ਰਧਾਨਗੀ ਹੇਠ ਸਥਾਨਕ ਐੱਸਡੀ ਕੰਨਿਆ ਮਹਾਵਿਦਿਆਲਾ ਵਿਖੇ ਕਾਲਜ ਦੇ ਸਹਿਯੋਗ ਨਾਲ ਵਿਸ਼ਵ ਕੈਂਸਰ ਦਿਵਸ 4 ਫ਼ਰਵਰੀ ਮੌਕੇ ਸੈਮੀਨਾਰ ਕਰਵਾਇਆ ਗਿਆ। ਕੈਂਸਰ ਦੀ ਬਿਮਾਰੀ ਸਾਰੀ ਦੂਨੀਆ ਅਤੇ ਹਿੰਦੋਸਤਾਨ ਵਿੱਚ ਖ਼ਾਸ ਤੌਰ ’ਤੇ ਪੰਜਾਬ ਅਤੇ ਮਾਲਵਾ ਖੇਤਰ ਵਿੱਚ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਲੱਖਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਪਹਿਲੀ ਗੱਲ ਤਾਂ ਪਰਮਾਤਮਾ ਅੱਗੇ ਪ੍ਰਾਰਥਨਾ ਹੈ ਕਿ ਇਹੋ ਜਿਹੀ ਨਾਮੁਰਾਦ ਬਿਮਾਰੀ ਕਿਸੇ ਨੂੰ ਨਾ ਆਵੇ। ਸੈਮੀਨਾਰ ਦਾ ਮੁੱਖ ਮਕਸਦ ਇਸ ਭਿਆਨਕ ਬਿਮਾਰੀ ਖ਼ਿਲਾਫ਼ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਆਮ ਕੈਂਸਰ ਅਤੇ ਖਾਸ ਤੌਰ ’ਤੇ ਸਰਵਾਈਕਲ ਕੈਂਸਰ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਮੁੱਢਲੀ ਜਾਂਚ ਉਪਰੰਤ ਇਸ ਬਿਮਾਰੀ ਦਾ ਜਲਦੀ ਪਤਾ ਲੱਗਣ ਤੇ ਸਮੇਂ ਸਿਰ ਇਲਾਜ ਕਰਵਾ ਕੇ ਵੱਡਮੁਲੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਸੈਮੀਨਾਰ ਦੀ ਸ਼ੁਰੂਆਤ ਪ੍ਰਧਾਨ ਨੂੰ ਰੋਟਰੀ ਕਾਲਰ ਪਹਿਨਾਉਣ ਉਪਰੰਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਪਰਮਿੰਦਰ ਕੌਰ ਨੇ ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਡਾਕਟਰਾਂ ਦਾ ਸਵਾਗਤ ਕੀਤਾ। ਡਾ. ਜਨਕ ਰਾਜ ਸਿੰਗਲਾ ਨੇ ਸੈਮੀਨਾਰ ਕਰਨ ਦੇ ਮੰਤਵ ਬਾਰੇ ਦੱਸਦਿਆਂ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕੈਂਸਰ ਨਾਲ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ, ਬਲਕਿ ਸਮੇਂ ਸਿਰ ਮੁੱਢਲੀ ਪਛਾਣ ਜ਼ਰੂਰੀ ਹੈ। ਜੇਕਰ ਇਸ ਦੀ ਸ਼ੁਰੂਆਤੀ ਪਛਾਣ ਹੋਣ ਉਪਰੰਤ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਿਹਤਮੰਦ ਜੀਵਨਸ਼ੈਲੀ, ਪੋਸ਼ਟਿਕ ਭੋਜਨ, ਤਮਾਕੂ ਅਤੇ ਨਸ਼ਿਆਂ ਤੋਂ ਦੂਰ ਰਹਿਣਾ, ਨਿਯਮਿਤ ਸਿਹਤ ਜਾਂਚ ਦੀ ਅਪੀਲ ਕੀਤੀ। ਡਾ. ਸ਼ੇਕੀ ਬਾਂਸਲ ਨੇ ਦੱਸਿਆ ਕਿ ਅਸਲ ਵਿੱਚ ਸਰਵਾਈਕਲ ਕੈਂਸਰ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਹ ਬਿਮਾਰੀ ਅਕਸਰ ਅਗਿਆਨਤਾ ਕਾਰਨ ਦੇਰ ਨਾਲ ਪਤਾ ਲੱਗਦੀ ਹੈ। ਉਨ੍ਹਾਂ ਔਰਤਾਂ ਨੂੰ ਐੱਚਪੀਵੀ ਟੀਕਾਕਰਨ, ਨਿਯਮਿਤ ਪੈਪ ਸਮੀਅਰ ਟੈਸਟ ਅਤੇ ਗਾਇਨੋਕੋਲੋਜਿਸਟ ਨਾਲ ਸਮੇਂ-ਸਮੇਂ ’ਤੇ ਸਲਾਹ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਨਾਲ ਇਸ ਘਾਤਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਡਾ. ਪਨਿਕਾ ਗਰਗ ਨੇ ਔਰਤਾਂ ਦੀ ਸਿਹਤ ਨਾਲ ਜੁੜੇ ਵਿਸ਼ੇ ਮਹਾਵਾਰੀ ਸਾਇਕਲ ਤੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ, ਜਿਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਾਫ਼-ਸਫ਼ਾਈ, ਸਹੀ ਪੋਸ਼ਣ ਅਤੇ ਕਿਸੇ ਵੀ ਅਸਾਧਾਰਨ ਲੱਛਣ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਲਾਹ ਲੈਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰੇਮ ਅੱਗਰਵਾਲ ਨੇ ਕਿਹਾ ਕਿ ਰੋਟਰੀ ਹਮੇਸ਼ਾ ਸਿਹਤ, ਸਿੱਖਿਆ ਅਤੇ ਸਮਾਜਿਕ ਭਲਾਈ ਲਈ ਕੰਮ ਕਰਦੀ ਆਈ ਹੈ ਅਤੇ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸਮਾਜ ਨੂੰ ਸਿਹਤਮੰਦ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ 14 ਅਤੇ 15 ਫਰਵਰੀ 2026 ਨੂੰ ਕਲੱਬ ਵੱਲੋਂ ਦੋ ਦਿਨਾਂ ਰੋਟਰੀ ਯੂਥ ਲੀਡਰਸ਼ਿਪ ਐਵਾਰਡ ਪ੍ਰੋਗਰਾਮ ਚੇਤਣਾ ਸਿਰਫ ਲੜਕੀਆਂ ਲਈ ਇਸੇ ਕਾਲਜ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ। ਐੱਸਡੀ ਕਾਲਜ ਦੀ ਪ੍ਰਿੰਸੀਪਲ ਗਰੀਮਾ ਮਹਾਜਨ ਨੇ ਰੋਟਰੀ ਕਲੱਬ ਮਾਨਸਾ ਰਾਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਲਈ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਬਹੁਤ ਲਾਭਕਾਰੀ ਹੁੰਦੇ ਹਨ। ਸੈਮੀਨਾਰ ਵਿੱਚ ਕਲੱਬ ਮੈਂਬਰਾਂ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਮਨੋਜ ਗੋਇਲ, ਪਰਮਿੰਦਰ ਗੋਇਲ ਤੋਂ ਇਲਾਵਾ ਰਾਜਿੰਦਰ ਗਰਗ ਐੱਲਆਈਸੀ, ਜੀਡੀ ਭਾਟੀਆ, ਸੁਨੀਤਾ ਗਰਗ, ਸੋਨੀਆ ਜਿੰਦਲ, ਨਿਸ਼ਾ ਬਾਂਸਲ, ਐੱਨਐੱਸਐੱਸ ਪ੍ਰੋਗਰਾਮ ਅਫਸਰ ਦੀਪਕ ਜਿੰਦਲ ਅਤੇ ਨੀਰਜ, ਰੰਬਲ, ਬਲਜੀਤ ਕੌਰ, ਅਮਨਦੀਪ ਕੌਰ, ਸੰਜਮ, ਬਬੀਤਾ ਆਦਿ ਨੇ ਹਿੱਸਾ ਲੈ ਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਸਟੇਜ ਸਕੱਤਰ ਦੀ ਭੂਮਿਕਾ ਸਿਮੀ ਬਾਂਸਲ ਨੇ ਬਾਖੂਬੀ ਨਿਭਾਈ।