- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਮਾਨਸਾ ਦੇ ਮੈਂਬਰਾਂ ਵੱਲੋਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਦੇ ਮੈਂਬਰਾਂ ਵੱਲੋਂ ਆਗਰਾ ਵਿੱਚ ਹੋਈ ਰੋਟਰੀ ਕਾਨਫ਼ਰੰਸ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਰੋਟਰੀ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹੇਤਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਰੋਟਰੀ ਇੱਕ ਅਜਿਹੀ ਸੰਸਥਾ ਹੈ, ਜੋ ਸਿਰਫ਼ ਸੇਵਾ ਹੀ ਨਹੀਂ, ਸਗੋਂ ਮਨੁੱਖਤਾ ਨੂੰ ਜੋੜਨ ਦਾ ਕੰਮ ਵੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਰੋਟੇਰੀਅਨ ਦਾ ਫ਼ਰਜ਼ ਹੈ ਕਿ ਉਹ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਲਈ ਅੱਗੇ ਆਵੇ ਅਤੇ ਸਿੱਖਿਆ, ਸਿਹਤ ਤੇ ਵਾਤਾਵਰਨ ਦੇ ਖੇਤਰ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਏ। ਉਨ੍ਹਾਂ ਨੇ ਰੋਟਰੀ ਕਲੱਬ ਮਾਨਸਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿ ਕਲੱਬ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਹੋਰ ਕਲੱਬਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ। ਇਸ ਮੌਕੇ ਕਲੱਬ ਪ੍ਰਧਾਨ ਅੰਕੁਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਦੇ ਮੈਂਬਰਾਂ ਨੇ ਵੱਖ-ਵੱਖ ਸਮਾਜ ਸੇਵਾ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਨਵੇਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਤਜਰਬੇ ਸਾਂਝੇ ਕੀਤੇ। ਕਾਨਫ਼ਰੰਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ ਰੋਟਰੀ ਮੈਂਬਰਾਂ ਨੇ ਸਿਹਤ, ਸਿੱਖਿਆ ਅਤੇ ਵਾਤਾਵਰਣ ਸੰਭਾਲ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ। ਮਾਨਸਾ ਕਲੱਬ ਦੇ ਮੈਂਬਰਾਂ ਨੇ ਵੀ ਆਪਣੇ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਹੋਰ ਕਲੱਬਾਂ ਤੋਂ ਪ੍ਰੇਰਨਾ ਲਈ। ਕਲੱਬ ਏ ਜੀ ਕੇ ਵੀ ਜਿੰਦਲ ਤੇ ਸਕੱਤਰ ਰੋਹਿਤ ਬਾਂਸਲ ਨੇ ਦੱਸਿਆ ਕਿ ਇਸ ਦੌਰਾਨ ਮੈਂਬਰਾਂ ਨੇ ਆਗਰਾ ਦੇ ਪ੍ਰਸਿੱਧ ਸਥਾਨ ਤਾਜ ਮਹਲ ਦਾ ਵੀ ਦੌਰਾ ਕੀਤਾ ਅਤੇ ਯਾਦਗਾਰ ਤਸਵੀਰਾਂ ਖਿੱਚਵਾਈਆਂ।
ਕਾਨਫ਼ਰੰਸ ਦੇ ਨਾਲ ਨਾਲ ਮੈਂਬਰਾਂ ਨੇ ਆਗਰਾ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ ਦਾ ਦੌਰਾ ਵੀ ਕੀਤਾ। ਖ਼ਾਸ ਕਰਕੇ ਤਾਜ ਮਹੱਲ ਦੇ ਦਰਸ਼ਨ ਸਭ ਲਈ ਯਾਦਗਾਰ ਰਹੇ। ਉੱਥੇ ਹੀ ਕਲੱਬ ਦੇ ਮੈਂਬਰਾਂ ਨੇ ਸਮੂਹਿਕ ਤਸਵੀਰਾਂ ਖਿੱਚਵਾਈਆਂ ਅਤੇ ਆਪਣੇ ਸਾਥੀਆਂ ਨਾਲ ਖੁਸ਼ਗਵਾਰ ਪਲ ਬਿਤਾਏ। ਇਹ ਯਾਤਰਾ ਸਿਰਫ਼ ਸਿੱਖਣ ਲਈ ਹੀ ਨਹੀਂ, ਸਗੋਂ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਵੀ ਇੱਕ ਵਧੀਆ ਮੌਕਾ ਸਾਬਤ ਹੋਈ। ਰਿੰਪਲ ਮੋਨਗਾ ਤੇ ਰਵੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਨਾਲ ਸੇਵਾ ਦੇ ਖੇਤਰ ਵਿੱਚ ਨਵੇਂ ਵਿਚਾਰ ਮਿਲਦੇ ਹਨ ਅਤੇ ਸਮਾਜ ਲਈ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅੰਤ ਵਿੱਚ ਕਲੱਬ ਸਕੱਤਰ ਰੋਹਿਤ ਬਾਂਸਲ ਤੇ ਮੈਡਮ ਰਿੰਪਲ ਮੋਨਗਾ ਨੇ ਇਸ ਯਾਤਰਾ ਨੂੰ ਬਹੁਤ ਹੀ ਸਫਲ, ਯਾਦਗਾਰ ਅਤੇ ਪ੍ਰੇਰਣਾਦਾਇਕ ਦੱਸਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਅਨੁਭਵ ਉਨ੍ਹਾਂ ਨੂੰ ਹੋਰ ਵਧੀਆ ਢੰਗ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਨ। ਕਲੱਬ ਪ੍ਰਧਾਨ ਅੰਕੁਰ ਸਿੰਗਲਾ ਨੇ ਦੱਸਿਆ ਕਿ ਰੋਟਰੀ ਕਲੱਬ ਮਾਨਸਾ ਦੇ ਮੈਂਬਰਾਂ ਨੇ ਆਪਣੇ ਕਲੱਬ ਵੱਲੋਂ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਹੋਰ ਕਲੱਬਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਸਮੇਂ-ਸਮੇਂ ਤੇ ਸਿਹਤ ਜਾਂਚ ਕੈਂਪ, ਖੂਨ ਦਾਨ ਕੈਂਪ ਅਤੇ ਵਾਤਾਵਰਣ ਸੰਭਾਲ ਲਈ ਰੁੱਖ ਲਗਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਹੋਰ ਕਲੱਬਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਵੀ ਮਾਨਸਾ ਦੇ ਮੈਂਬਰਾਂ ਨੇ ਪ੍ਰੇਰਣਾ ਲਈ ਅਤੇ ਭਵਿੱਖ ਵਿੱਚ ਹੋਰ ਵੱਡੇ ਪੱਧਰ ’ਤੇ ਸੇਵਾ ਕਾਰਜ ਕਰਨ ਦਾ ਨਿਰਣੇ ਲਿਆ।
ਐਡਵੋਕੇਟ ਕ੍ਰਿਸ਼ਨ ਗਰਗ ਤੇ ਐਡਵੋਕੇਟ ਨਰਾਇਣ ਗਰਗ ਨੇ ਦੱਸਿਆ ਕਿ ਇਸ ਕਾਨਫ਼ਰੰਸ ਦਾ ਇੱਕ ਖਾਸ ਪੱਖ ਇਹ ਵੀ ਰਿਹਾ ਕਿ ਮੈਂਬਰਾਂ ਨੂੰ ਵੱਖ-ਵੱਖ ਖੇਤਰਾਂ ਦੇ ਅਨੁਭਵੀ ਵਕਤਾਵਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ। ਉਨ੍ਹਾਂ ਵੱਲੋਂ ਸਾਂਝੇ ਕੀਤੇ ਤਜ਼ਰਬੇ ਅਤੇ ਸਫ਼ਲਤਾ ਦੀਆਂ ਕਹਾਣੀਆਂ ਨੇ ਸਭ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਸਮਾਜ ਸੇਵਾ ਲਈ ਹੋਰ ਉਤਸ਼ਾਹਿਤ ਕੀਤਾ। ਕਲੱਬ ਦੇ ਅਸਿਸਟੈਂਟ ਗਵਰਨਰ ਕ੍ਰਿਸ਼ਨ ਬਲਦੇਵ ਨੇ ਕਿਹਾ ਕਿ ਰੋਟਰੀ ਕਲੱਬ ਮਾਨਸਾ ਵੱਲੋਂ ਇਹ ਨਿਸਚਿਤ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਪੱਧਰ ’ਤੇ ਸਮਾਜ ਸੇਵਾ ਪ੍ਰੋਗਰਾਮ ਚਲਾਏ ਜਾਣਗੇ। ਐਡਵੋਕੇਟ ਨਰਾਇਣ ਗਰਗ ਤੇ ਬੰਟੂ ਝੁਨੀਰ ਨੇ ਕਾਨਫਰੰਸ ਦੌਰਾਨ ਸਿਹਤ ਸੇਵਾਵਾਂ, ਸਿੱਖਿਆ ਦੇ ਪ੍ਰਚਾਰ-ਪ੍ਰਸਾਰ, ਵਾਤਾਵਰਣ ਦੀ ਸੁਰੱਖਿਆ, ਨਸ਼ਾ ਮੁਕਤੀ ਅਭਿਆਨ ਅਤੇ ਯੁਵਕਾਂ ਦੀ ਭੂਮਿਕਾ ਵਰਗੇ ਮੁੱਦਿਆਂ ’ਤੇ ਵਿਸਤ੍ਰਿਤ ਚਰਚਾ ਕੀਤੀ ਅਤੇ ਖਾਸ ਕਰਕੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇ ਵਾਧੇ ਅਤੇ ਗਰੀਬ ਵਰਗ ਲਈ ਸਿੱਖਿਆ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਬਾਰੇ ਅਹਿਮ ਸੁਝਾਅ ਸਾਂਝੇ ਕੀਤੇ ਗਏ।