ਗ੍ਰਾਹਕ ਬਣ ਲੁਟੇਰੇ ਨਕਦੀ ਲੁੱਟ ਕੇ ਫ਼ਰਾਰ
ਸਥਾਨਕ ਸ਼ਹਿਰ ਵਿੱਚ ਚੋਰੀ ਅਤੇ ਲੁੱਟ ਖੋਹ
Publish Date: Sun, 12 Apr 2026 06:33 PM (IST)
Updated Date: Mon, 13 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ ’ਚ ਆ ਰਹੀ ਹੈ। ਬੀਤੇ ਦਿਨ੍ਹੀਂ ਜਿੱਥੇ 3 ਨੌਜਵਾਨਾਂ ਨੇ ਇੱਕੋ ਰਾਤ ਸੱਤ ਦੁਕਾਨਾਂ ’ਤੇ ਚੋਰੀ ਕਰ ਲਈ, ਉਥੇ ਹੀ ਇਕ ਕਰਿਆਣੇ ਦੀ ਦੁਕਾਨ ਤੋਂ ਲੁਟੇਰੇ ਨਗਦੀ ਲੁੱਟ ਫ਼ਰਾਰ ਹੋ ਗਈ ਹੈ। ਇਸ ਕਾਰਨ ਬਰੇਟਾ ਵਾਸੀਆਂ ’ਚ ਚਿੰਤਾ ਬਣੀ ਹੋਈ ਹੈ। ਵੇਰਵੇ ਅਨੁਸਾਰ ਅਨਾਜ ਮੰਡੀ ਸ਼ਾਲੀਮਾਰ ਵਾਲੀ ‘ਚ ਇੱਕ ਕਰਿਆਣੇ ਦੀ ਦੁਕਾਨ ‘ਚੋਂ ਇਹ ਰਾਸ਼ੀ ਲੁਟੇਰਿਆਂ ਵੱਲੋਂ ਲੁੱਟੀ ਗਈ ਹੈ। ਪੀੜਤ ਦੁਕਾਨਦਾਰ ਪ੍ਰਸ਼ੋਤਮ ਦਾਸ ਨੇ ਦੱਸਿਆ ਕਿ ਦੁਪਹਿਰ ਬਾਅਦ ਦੋ ਨੌਜਵਾਨ ਮੋਟਰਸਾਈਕਲ ’ਤੇ ਉਸ ਦੀ ਦੁਕਾਨ ’ਤੇ ਆਏ। ਉਨ੍ਹਾਂ ਨੇ ਉਸ ਕੋਲੋਂ ਇਕ ਮਸਾਲੇ ਦੀ ਡੱਬੀ ਮੰਗੀ ਅਤੇ ਫ਼ਿਰ ਗੁੜ ਮੰਗਿਆ। ਜਦ ਉਹ ਗੁੜ ਪਾਉਣ ਲੱਗਿਆ ਤਾਂ ਨੌਜਵਾਨਾਂ ਨੇ ਉਸ ਦੇ ਗੱਲੇ ਕੋਲ ਪਈ ਇੱਕ ਪੈਸਿਆਂ ਵਾਲੀ ਡੱਬੀ ਚੁੱਕ ਲਈ ਅਤੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਜਦ ਪਿੱਛਾ ਕੀਤਾ ਤਾਂ ਲੁਟੇਰੇ ਫ਼ਰਾਰ ਹੋ ਗਏ ਸਨ। ਉਸ ਨੇ ਦੱਸਿਆ ਕਿ ਉਸ ਵਿੱਚ 8 ਹਜ਼ਾਰ ਰੁਪਏ ਸਨ। ਥਾਣਾ ਮੁਖੀ ਬਰੇਟਾ ਮੇਲਾ ਸਿੰਘ ਨੇ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।