- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
"ਕਿਸੇ ਵੀ ਦੇਸ਼-ਖਿੱਤੇ ਦੀ ਕਮਿਊਨਿਸਟ ਲਹਿਰ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ : "ਕਿਸੇ ਵੀ ਦੇਸ਼-ਖਿੱਤੇ ਦੀ ਕਮਿਊਨਿਸਟ ਲਹਿਰ, ਅਤੀਤ ਦੀਆਂ ਲੋਕ ਪੱਖੀ ਲਹਿਰਾਂ ਅਤੇ ਬੀਤੇ ਸਮੇਂ ਦੇ ਮਹਾਨ ਰਹਿਬਰਾਂ ਤੇ ਜੰਗਜੂਆਂ ਤੋਂ ਪ੍ਰੇਰਨਾ ਲੈ ਹੀ ਸਮਾਜਿਕ ਪਰਿਵਰਤਨ ਦੀ ਇਤਿਹਾਸਕ ਜਦੋਜਹਿਦ ਦੀ ਸਫਲਤਾ ਪੂਰਵਕ ਅਗਵਾਈ ਕਰਨ ਦੇ ਯੋਗ ਬਣ ਸਕਦੀ ਹੈ। ਇਸ ਪੱਖੋਂ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਨ ਰਹਿਬਰ, ਬੀਤੇ ਸਮੇਂ ਦੀਆਂ ਯੁਗ ਪਲਟਾਊ ਲਹਿਰਾਂ ਦੇ ਮਹਾਨ ਜਰਨੈਲ, ਗ਼ਦਰੀ ਸੂਰਬੀਰ ਸਾਡੇ ਪ੍ਰੇਰਨਾ ਸਰੋਤ ਅਤੇ ਮਾਰਗ ਦਰਸ਼ਕ ਹਨ। " ਇਹ ਸ਼ਬਦ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਵੱਲੋਂ ਸੱਦੇ ਗਏ ਪ੍ਰਭਾਵਸ਼ਾਲੀ ਸੈਮੀਨਾਰ ਵਿਚ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਹੇ। ਸਾਥੀ ਪਾਸਲਾ ਨੇ ਕਿਹਾ ਕਿ ਤਿਆਗ ਦੀ ਬੇਮਿਸਾਲ ਗਾਥਾ ਲਿਖਣ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸਰਬੰਸ ਦਾਨੀ ਦਸ਼ਮੇਸ਼ ਪਿਤਾ, ਉਨ੍ਹਾਂ ਦੇ ਚਾਰੇ ਹੋਣਹਾਰ ਪੁੱਤਰਾਂ ਅਤੇ ਮੁਗ਼ਲ ਕਾਲ ਦੇ ਬੇਸ਼ੁਮਾਰ ਸਿੱਖ ਸ਼ਹੀਦਾਂ ਨੇ ਕਿਸੇ ਵਿਸ਼ੇਸ਼ ਧਰਮ ਖਿਲਾਫ਼, ਕਿਸੇ ਹੋਰ ਵਿਸ਼ੇਸ਼ ਧਰਮ ਦੀ ਰਾਖੀ ਲਈ ਸ਼ਹਾਦਤ ਨਹੀਂ ਦਿੱਤੀ, ਬਲਕਿ ਧਾਰਮਿਕ ਆਜ਼ਾਦੀਆਂ, ਮਨੁੱਖੀ ਅਧਿਕਾਰਾਂ ਤੇ ਸਾਂਝੀਵਾਲਤਾ ਦੀ ਰਾਖੀ ਲਈ ਅਤੇ ਲੁੱਟ-ਖਸੁੱਟ, ਜਬਰ-ਵਿਤਕਰੇ ਤੋਂ ਮੁਕਤ ਸਮਾਜ ਸਿਰਜਣ ਲਈ ਕੁਰਬਾਨ ਹੋਣ ਦੀ ਸ਼ਾਨਾਮੱਤੀ ਪਿਰਤ ਪਾਈ।
ਸਾਥੀ ਪਾਸਲਾ ਨੇ ਕਿਹਾ ਕਿ ਸਿੱਖ ਰਹਿਬਰਾਂ ਦੀਆਂ ਸ਼ਹਾਦਤਾਂ ਸਮੁੱਚੇ ਮਿਹਨਤਕਸ਼ਾਂ ਦੀ ਏਕਤਾ ਕਾਇਮ ਕਰਦੇ ਹੋਏ ਲੁੱਟ ਖੋਹ, ਜ਼ਬਰ ਵਿਤਕਰੇ ਤੋਂ ਮੁਕਤੀ ਲਈ ਪ੍ਰੇਰਨਾ ਦਿੰਦੀਆਂ ਹਨ। ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਹਾ ਕਿ ਭਾਰਤੀ ਕਿਰਤੀਆਂ ਨੂੰ ਗਰੀਬ ਦੇਸ਼ਾਂ ਦੇ ਕੁਦਰਤੀ ਤੇ ਮਾਨਵੀ ਵਸੀਲਿਆਂ ਤੇ ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਵਾਲੇ ਸਾਮਰਾਜੀ ਧਾੜਵੀਆਂ, ਭਾਰਤ ਦੀਆਂ ਆਮਦਨਾਂ, ਜਾਇਦਾਦਾਂ ‘ਤੇ ਦੱਬਾ ਮਾਰੀ ਬੈਠੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਤੇ ਨਵ ਧਨਾਢਾਂ ਦੀ ਅਜੋਕੇ ਮਲਕ ਭਾਗੋਆਂ ਵਜੋਂ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। “ਸ਼੍ਰੀ ਗੁਰੂ ਤੇਗ਼ ਬਹਾਦਰ, ਚਾਰ ਸਾਹਿਬਜ਼ਾਦਿਆਂ ਅਤੇ ਲਾਸਾਨੀ ਸਿੱਖ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਦਾ ਅਜੋਕਾ ਮਹੱਤਵ" ਵਿਸ਼ੇ ਅਧੀਨ ਸੱਦੇ ਗਏ ਉਕਤ ਸੈਮੀਨਾਰ ਦੀ ਪ੍ਰਧਾਨਗੀ ਕਮਿਊਨਿਸਟ ਲਹਿਰ ਦੇ ਬਜ਼ੁਰਗ ਰਹਿਬਰ ਸਾਥੀ ਧੰਨਾ ਸਿੰਘ ਟਾਹਲੀਆਂ, ਆਤਮਾ ਰਾਮ ਸਰਦੂਲਗੜ੍ਹ, ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਜਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਅਦਾ ਕੀਤੇ। ਅਮਰੀਕ ਸਿੰਘ ਫਫੜੇ, ਗੁਰਦੇਵ ਸਿੰਘ ਲੋਹਗੜ੍ਹ, ਮਲਕੀਤ ਸਿੰਘ ਮਹਿਮਾ ਸਰਜਾ, ਡਾਕਟਰ ਕ੍ਰਿਸ਼ਨ ਕੁਮਾਰ ਉੱਪਲ, ਬੰਸੀ ਲਾਲ, ਦਰਸ਼ਨ ਸਿੰਘ, ਮਾਸਟਰ ਹਰਜੰਟ ਸਿੰਘ, ਜੋਗਿੰਦਰ ਪਾਲ ਸ਼ਰਮਾ ਵੀ ਮੌਜੂਦ ਸਨ। ਉੱਘੇ ਲੋਕ ਕਵੀ ਮਰਹੂਮ ਸਾਥੀ ਸੰਤ ਰਾਮ ਉਦਾਸੀ ਦੀ ਸਪੁੱਤਰੀ ਇਕਬਾਲ ਉਦਾਸੀ ਨੇ ਇਨਕਲਾਬੀ ਗਾਇਕੀ ਦਾ ਰੰਗ ਬੰਨ੍ਹਿਆ। ਉਭਰ ਰਹੇ ਗੀਤਕਾਰ ਤੇ ਗਾਇਕ ਕੁਲਦੀਪ ਸਿਰਸਾ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ।