ਅਫਸਰਸ਼ਾਹੀ ਖ਼ਿਲਾਫ਼ ਸੰਘਰਸ਼ ਲਈ ਉਤਰੇ ਮਾਰਕਫ਼ੈੱਡ ਦੇ ਸੇਵਾਮੁਕਤ ਕਰਮਚਾਰੀ
ਮਾਰਕਫੈਡ ਤੋਂ ਸੇਵਾ ਮੁਕਤ ਹੋਏ ਮੁਲਾਜਮ
Publish Date: Thu, 12 Mar 2026 06:49 PM (IST)
Updated Date: Thu, 12 Mar 2026 06:51 PM (IST)
- ਮਾਰਕਫੈੱਡ ਦੇ ਸੇਵਾਮੁਕਤ ਕਰਮਚਾਰੀਆਂ ਨੇ ਚੇਅਰਮੈਨ ਨੂੰ ਸੌਂਪਿਆ ਮੰਗ ਪੱਤਰ
ਬੁਢਲਾਡਾ : ਮਾਰਕਫ਼ੈੱਡ ਤੋਂ ਸੇਵਾਮੁਕਤ ਹੋਏ ਮੁਲਾਜ਼ਮ ਜਥੇਬੰਦੀ ਵੱਲੋਂ ਸੂਬਾ ਪੱਧਰੀ ਇਕੱਤਰਤਾ ਕਰ ਕੇ ਮੰਗਾਂ ਲਈ ਮਾਰਕਫ਼ੈੱਡ ਪ੍ਰਬੰਧਕ ਕਮੇਟੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਨੇ ਦੋਸ਼ ਲਾਇਆ ਕਿ ਕੁਝ ਅਧਿਕਾਰੀਆਂ ਨੇ ਵਿਭਾਗ ਤੋਂ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੀਆਂ ਕੁੱਝ ਮਹੀਨਾ ਪਹਿਲਾਂ ਬਣਾਈਆਂ ਗਈਆਂ ਝੂਠੀਆਂ ਗਲਤ ਚਾਰਜਸ਼ੀਟਾਂ ਨੂੰ ਵਾਪਸ ਲੈਣ ਤੋ ਇਲਾਵਾ ਗ੍ਰੈਚੁਟੀ, ਲੀਵ ਇਨ ਕੈਸਮੈਂਟ, ਚਾਰਜ ਸ਼ੀਟਾਂ ਦੀਆਂ ਇਨਕੁਆਰੀਆਂ ਨੂੰ ਸਮੇਂ ਸਿਰ ਚਾਲੂ ਅਤੇ ਫ਼ੈਸਲੇ ਕਰਨ ਸਬੰਧੀ ਖ਼ਾਸ ਤੌਰ ’ਤੇ ਮੰਗ ਕੀਤੀ ਗਈ ਹੈ। ਇਸ ਮੌਕੇ ਸੇਵਾਮੁਕਤ ਫ਼ੀਲਡ ਮੁਲਾਜ਼ਮਾਂ ਦੀ ਹਾਜ਼ਰੀ ਭਾਰੀ ਗਿਣਤੀ ਵਿੱਚ ਦੇਖੀ ਗਈ। ਮਾਰਕਫੈੱਡ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਫ਼ੀਲਡ ਮੁਲਾਜ਼ਮ ਦਿਨ-ਰਾਤ ਇੱਕ ਕਰ ਕੇ ਮਾਰਕਫੈੱਡ ਦੇ ਹਿੱਤਾਂ ਲਈ ਲੱਗੇ ਰਹਿੰਦੇ ਹਨ। ਪਰ ਸੇਵਾਮੁਕਤ ਹੋਣ ਤੋਂ ਕੁਝ ਦਿਨ, ਮਹੀਨੇ ਪਹਿਲਾਂ ਜਾਣਬੁੱਝ ਕੇ ਅਧਿਕਾਰੀ ਆਪਣੀਆਂ ਕਮੀਆਂ, ਗਲਤੀਆਂ ਨੂੰ ਛੁਪਾਉਂਦੇ ਹੋਏ ਬੜੀ ਹੁਸ਼ਿਆਰੀ ਨਾਲ ਸੇਵਾਮੁਕਤ ਹੋ ਰਹੇ ਫ਼ੀਲਡ ਮੁਲਾਜ਼ਮਾਂ ਨੂੰ ਅੰਤਾਂ ਦੀਆਂ ਚਾਰਜ ਸ਼ੀਟਾਂ ਨਾਲ ਸੇਵਾਮੁਕਤ ਕਰ ਕੇ ਬੜੇ ਖੁਸ਼ ਹੁੰਦੇ ਹਨ। ਕੀ ਸਾਰੇ ਦਾ ਸਾਰਾ ਕਸੂਰ ਫ਼ੀਲਡ ਮੁਲਾਜ਼ਮਾਂ ਦਾ ਹੁੰਦਾ ਹੈ, ਜਦੋਂਕਿ ਸੇਵਾਮੁਕਤ ਹੋਣ ਜਾ ਰਹੇ ਮੁਲਾਜ਼ਮਾਂ ਨੂੰ 6 ਮਹੀਨੇ ਪਹਿਲਾਂ ਉਨ੍ਹਾਂ ਨੂੰ ਦਿੱਤੇ ਕੰਮਾਂ ਅਤੇ ਚਾਰਜਾਂ, ਚਾਰਜ ਸ਼ੀਟਾਂ, ਕੇਸਾਂ ਦੇ ਨਿਪਟਾਰੇ ਕਰ ਕੇ ਮਾਰਕਫ਼ੈੱਡ ਦੇ ਰੂਲਜ਼ ਅਤੇ ਰੈਗੂਲੇਸ਼ਨ ਅਨੁਸਾਰ ਸੇਵਾਮੁਕਤ ਕੀਤਾ ਜਾਣਾ ਚਾਹੀਦਾ ਹੈ। ਸੇਵਾਮੁਕਤ ਮੁਲਾਜ਼ਮਾਂ ਨੂੰ ਮੈਡੀਕਲ ਭੱਤਾ ਜਾਂ ਬਿਮਾਰੀ ’ਤੇ ਹੋਣ ਵਾਲਾ ਖਰਚਾ ਵੀ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਜਨਰਲ ਸਕੱਤਰ ਪਟਿਆਲਾ ਨੇ ਕਿਹਾ ਕਿ ਮਾਰਕਫੈੱਡ ਦੇ ਫ਼ੀਲਡ ਮੁਲਾਜ਼ਮਾਂ ਕੋਲ ਚਾਰਜ ਸ਼ੀਟਾਂ, ਕੇਸਾਂ ਦੀਆਂ ਇਨਕੁਆਰੀਆਂ ਸਮੇਂ ਆਪਣਾ ਪੱਖ ਪੇਸ਼ ਕਰਨ ਲਈ ਵਕੀਲਾਂ, ਬੱਸਾਂ ਦੇ ਕਿਰਾਏ ਆਦਿ ਖਰਚੇ ਵੀ ਨਹੀਂ ਹਨ, ਜਦੋਂਕਿ ਜੀਵਨ ਦਾ ਅੰਤਲਾ ਸਮਾਂ ਸੁੱਖ ਸਹੂਲਤਾਂ ਵਾਲਾ ਹੋਣਾ ਚਾਹੀਦਾ ਹੈ। ਕਈ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਹੋਣ ਵਾਲੀਆਂ ਹਨ ਪਰ ਆਮਦਨ ਦਾ ਸਾਧਨ ਨਾ ਹੋਣ ਕਾਰਨ ਘਰ ਪਰਿਵਾਰ ਦੇ ਗੁਜਾਰੇ ਨਹੀਂ ਹੋ ਰਹੇ। ਇਸ ਮੌਕੇ ਇਸ ਤੋਂ ਇਲਾਵਾ ਸੁਰਜੀਤ ਸਿੰਘ ਬਠਿੰਡਾ, ਬਬਲੀ ਖਾਨ, ਹੁਸ਼ਿਆਰ ਸਿੰਘ, ਪਰਮਜੀਤ ਸਿੰਘ, ਲੀਲਾ ਰਾਮ, ਬੂਟਾ ਸਿੰਘ, ਹੁਕਮ ਚੰਦ, ਵਰਿੰਦਰ ਕੁਮਾਰ ਅਤੇ ਜਰਨੈਲ ਸਿੰਘ ਖਜ਼ਾਨਚੀ ਆਦਿ ਮੌਜੂਦ ਸਨ।