- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਪੰਚਾਇਤ ਭੀਖੀ ਦੀ ਮੀਟਿੰਗ ਦਫਤਰ

-ਐੱਫਡੀ ਤੁੜਵਾਉਣ ਨੂੰ ਲੈ ਕੇ ਕੁਝ ਕੌਂਸਲਰਾਂ ਨੇ ਕੀਤਾ ਵਿਰੋਧ
ਬਲਦੇਵ ਸਿੰਘ, ਪੰਜਾਬੀ ਜਾਗਰਣ, ਭੀਖੀ
ਨਗਰ ਪੰਚਾਇਤ ਭੀਖੀ ਦੀ ਮੀਟਿੰਗ ਦਫਤਰ ਵਿਖੇ ਵਿਧਾਇਕ ਡਾ.ਵਿਜੇ ਕੁਮਾਰ ਸਿੰਗਲਾ ਦੀ ਅਗਵਾਈ ‘ਚ ਪ੍ਰਧਾਨ ਸੁਖਪ੍ਰੀਤ ਕੌਰ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਵਿੱਚ ਜਿੱਥੇ ਪੰਡਤਾਂ ਵਾਲੇ ਛੱਪੜ ਅਤੇ ਸਿੱਖਣੀ ਦੇ ਡੇਰੇ ਕੋਲ ਛੱਪੜ ਦੁਆਲੇ ਜਾਲੀ ਲਗਵਾਉਣ ਗਲੀਆਂ ਨਾਲੀਆਂ ਦੀ ਰਿਪੇਅਰ ਆਦਿ ਕੰਮਾਂ ਸਬੰਧੀ ਮਤੇ ਪਾਸ ਕੀਤੇ ਗਏ, ਉੱਥੇ ਹੀ ਮੁੱਖ ਮਤਾ 2014 ਤੋਂ ਨਗਰ ਪੰਚਾਇਤ ਭੀਖੀ ਦੀ ਪਈ ਐੱਫਡੀ ਤੁੜਵਾਉਣ ਦਾ ਪਾਸ ਕੀਤਾ ਗਿਆ ਜਿਸ ਨੂੰ ਲੈ ਕੇ ਕੁਝ ਕੌਂਸਲਰਾਂ ਨੇ ਵਿਰੋਧ ਵੀ ਕੀਤਾ। ਇਸ ਸਬੰਧੀ ਜਦੋਂ ਹਲਕਾ ਵਿਧਾਇਕ ਡਾ.ਵਿਜੇ ਕੁਮਾਰ ਸਿੰਗਲਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਐਫ ਡੀ ਕਿਸੇ ਐਮਰਜੈਂਸੀ ਹਾਲਾਤ ’ਚ ਤੁੜਵਾਉਣ ਲਈ ਰੱਖੀ ਗਈ ਹੈ। ਹੁਣ ਵੀ ਭੀਖੀ ’ਚ ਕਈ ਗਲੀਆਂ, ਨਾਲੀਆਂ ਦਾ ਅਤੇ ਸੀਵਰੇਜ ਦਾ ਬੁਰਾ ਹਾਲ ਹੈ ਅਤੇ ਲੋਕਾਂ ਦੇ ਘਰਾਂ ਅੱਗੇ ਪਾਣੀ ਖੜ੍ਹਾ ਹੈ। ਇਸ ਤੋਂ ਵੱਧ ਹੋਰ ਐਮਜੈਂਸੀ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਨਾ ਕਿਸੇ ਕੌਂਸਲਰ ਜਾਂ ਈਓ ਨੇ ਆਪਣੇ ਘਰ ਲਿਜਾਣਾ ਹੈ। ਲੋਕਾਂ ਦੀ ਭਲਾਈ ਲਈ ਹੀ ਖਰਚਿਆ ਜਾਣਾ ਹੈ। ਕੁਝ ਕੌਂਸਲਰ ਮੀਡੀਆ ’ਚ ਫੋਕੀ ਵਾਹਵਾਹ ਖੱਟਣ ਲਈ ਬਿਨਾ ਵਜ੍ਹਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਗਭਗ ਛੇ ਕਰੋੜ ਦੇ ਕੰਮ ਜਿਨ੍ਹਾ ਤਹਿਤ ਕਸਬੇ ਵਿਚਲੀਆਂ ਸੜਕਾਂ ਦਾ ਨਵੀਨੀਕਰਨ ਅਤੇ ਬਾਸਕਟਬਾਲ ਦਾ ਇਨਡੋਰ ਸਟੇਡੀਅਮ ਜਲਦੀ ਸ਼ੁਰੂ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਕੌਂਲਰ ਪਰਵਿੰਦਰ ਸਿੰਘ, ਗੋਰਾ ਮੀਤ ਪ੍ਰਧਾਨ, ਰਕਸ਼ਾ ਦੇਵੀ, ਚਰਨਜੀਤ ਕੌਰ, ਅਮਰਜੀਤ ਕੌਰ, ਰਾਜਿੰਦਰ ਕੌਰ, ਰਾਮ ਸਿੰਘ ਚਹਿਲ (ਸਾਰੇ ਕੌਂਸਲਰ) ਤੋਂ ਇਲਾਵਾ ਈ ਓ ਭੀਖੀ ਕੁਲਦੀਪ ਸਿੰਘ ਧਾਲੀਵਾਲ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚਹਿਲ, ਡਾ.ਮਨਪ੍ਰੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ।
-ਕੁਝ ਕੌਂਸਲਰਾਂ ਵੱਲੋਂ ਐੱਫਡੀ ਤੁੜਵਾਉਣ ਦਾ ਵਿਰੋਧ
ਐਫਡੀ ਤੁੜਵਾਉਣ ਦਾ ਵਿਰੋਧ ਕਰਦੇ ਹੋਏ ਕੌਂਸਲਰ ਹਰਪ੍ਰੀਤ ਸਿੰਘ ਚਹਿਲ, ਕੌਂਸਲਰ ਪਰਮਜੀਤ ਕੌਰ ਤੇ ਸ਼ੁਰੇਸ਼ ਕੁਮਾਰ ਬਿੰਦਲ ਨੇ ਕਿਹਾ ਕਿ 2014 ਤੋਂ ਇਹ ਐੱਫਡੀ ਐਮਰਜੈਂਸੀ ਹਾਲਾਤ ਲਈ ਰੱਖੀ ਹੋਈ ਹੈ। ਇੱਕ ਪਾਸੇ ਮੁੱਖ ਮੰਤਰੀ ਪੰਜਾਬ ਰੋਜ਼ਾਨਾ ਖਜ਼ਾਨਾ ਭਰਿਆ ਹੋਣ ਦੇ ਵੱਡੇ–ਵੱਡੇ ਬਿਆਨ ਦੇ ਰਹੇ ਹਨ, ਜਦੋਂਕਿ ਦੂਜੇ ਪਾਸੇ ਉਨ੍ਹਾਂ ਦੇ ਵਿਧਾਇਕ ਵੱਲੋਂ ਵਿਕਾਸ ਕੰਮਾਂ ਲਈ ਆਰਥਿਕ ਐਮਰਜੈਂਸੀ ਹਲਾਤ ਦੱਸ ਰਹੇ ਹਨ ਜੇਕਰ ਵਿਕਾਸ ਦੇ ਕੰਮ ਕਰਵਾਉਣੇ ਹਨ ਤਾਂ ਪੰਜਾਬ ਸਰਕਾਰ ਤੋਂ ਫੰਡ ਲਿਆਂਦੇ ਜਾਣ।
-ਬਾਕਸ-
-ਮੀਟਿੰਗ ’ਚ ਸ਼ੱਤਾਧਾਰੀ ਕੌਂਸਲਰ ਨੇ ਈਓ ਵੱਲੋਂ ਕਮਰੇ ਚੋਂ ਬਾਹਰ ਕੱਢਣ ਦੇ ਰੋਣੇ ਰੋਏ
ਨਗਰ ਪੰਚਾਇਤ ਚੋਣਾ ਵੇਲੇ ਕਾਂਗਰਸ ਪਾਰਟੀ ਛੱਡਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਪ੍ਰੇਮ ਕੁਮਾਰ ਪ੍ਰੇਮਾ ਨੇ ਮੀਟਿੰਗ ਦੌਰਾਨ ਵਿਧਾਇਕ ਅੱਗੇ ਈਓ ਭੀਖੀ ਵੱਲੋਂ ਉਨ੍ਹਾਂ ਨੂੰ ਦੋ ਵਾਰ ਕਮਰੇ ਚੋਂ ਬਾਹਰ ਕੱਢੇ ਜਾਣ ਦੇ ਰੋਣੇ ਰੋਏ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਵਾਰਡ ਦੇ ਕੰਮਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬੱਸ ਅੱਡੇ ਕੋਲ ਸਮਾਓ ਬਾਈਪਾਸ ਸੜਕ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਪਈ ਹੈ ਤੇ ਪਾਣੀ ਖੜ੍ਹਾ ਹੈ। ਉਸਦਾ ਕੋਈ ਹੱਲ ਨਹੀਂ ਹੋ ਰਿਹਾ, ਜਿਸ ਤੇ ਵਿਧਾਇਕ ਨੇ ਈਓ ਨੂੰ ਉਨ੍ਹਾਂ ਦਾ ਮਾਣ ਸਤਿਕਾਰ ਕਰਨ ਲਈ ਕਿਹਾ।