ਕਿਰਾਏਦਾਰਾਂ ਦਾ ਵੇਰਵਾ ਥਾਣੇ ’ਚ ਦਰਜ ਕਰਵਾਉਣ ਮਕਾਨ ਮਾਲਕ : ਜ਼ਿਲ੍ਹਾ ਮੈਜਿਸਟ੍ਰੇਟ
ਕਿਰਾਏਦਾਰਾਂ ਦਾ ਵੇਰਵਾ
Publish Date: Tue, 10 Feb 2026 05:58 PM (IST)
Updated Date: Wed, 11 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਿਰਾਏਦਾਰਾਂ ਦਾ ਵੇਰਵਾ ਪੁਲਿਸ ਚੌਂਕੀ ਵਿੱਚ ਦਰਜ ਕਰਵਾਉਣ ਦੀ ਮਕਾਨ ਮਾਲਕਾਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਆਈਏਐਸ ਵੱਲੋਂ ਹਦਾਇਤ ਕੀਤੀ ਗਈ ਹੈ। ਇਹ ਹਦਾਇਤ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਆਈ.ਏ.ਐਸ.ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਹੱਕਾਂ ਦੀ ਵਰਤੋਂ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਮਕਾਨ ਕਿਰਾਏ ’ਤੇ ਦਿੱਤੇ ਹੋਣ ਜਾਂ ਭਵਿੱਖ ਵਿਚ ਦਿੱਤੇ ਜਾਣੇ ਹਨ। ਉਨ੍ਹਾਂ ਵਿਚ ਰਹਿਣ ਵਾਲੇ ਕਿਰਾਏਦਾਰ ਵਿਅਕਤੀਆਂ ਦਾ ਨਾਂ ਤੇ ਮੁਕੰਮਲ ਵੇਰਵਾ ਆਪਣੇ ਇਲਾਕੇ ਦੇ ਥਾਣਾ ਪੁਲਿਸ ਚੌਂਕੀ ਵਿਚ ਤੁਰੰਤ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਮਕਾਨ ਕਿਰਾਏ ’ਤੇ ਲੈ ਕੇ ਸਮਾਜ ਵਿਰੋਧੀ ਕਾਰਵਾਈਆਂ ਕਰਨ ਦਾ ਅੰਦੇਸ਼ਾ ਹੈ, ਜਿਸ ਨਾਲ ਲੋਕਾਂ ਦੀ ਜਾਨ ਮਾਲ ਨੂੰ ਖ਼ਤਰਾ ਹੋ ਸਕਦਾ ਹੈ ਤੇ ਸਰਕਾਰੀ, ਪ੍ਰਾਈਵੇਟ ਸੰਪਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਮਨ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ ਅਤੇ ਦੰਗੇ ਆਦਿ ਭੜਕ ਸਕਦੇ ਹਨ। ਇਸ ਲਈ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ। ਇਹ ਹੁਕਮ 31 ਮਾਰਚ 2026 ਤੱਕ ਲਾਗੂ ਰਹੇਗਾ।