- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਾਜ ਮੰਡੀ ਮਾਨਸਾ ਵਿਖੇ ਲੱਗੇ ਸਰਸ ਮੇਲੇ ਦੀ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਅਨਾਜ ਮੰਡੀ ਮਾਨਸਾ ਵਿਖੇ ਲੱਗੇ ਸਰਸ ਮੇਲੇ ਦੀ ਪੰਜਵੀਂ ਸ਼ਾਮ ਆਯੋਜਿਤ ਸੰਗੀਤਕ ਸ਼ਾਮ ਦੌਰਾਨ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਅਤੇ ਉਨ੍ਹਾਂ ਦੇ ਭਰਾ ਗੁਰਸੇਵਕ ਮਾਨ ਨੇ ਆਪਣੇ ਗੀਤਾਂ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਇਹ ਸ਼ਾਮ ਲੋਕ ਮਨਾਂ ਵਿੱਚ ਸਦੀਵੀ ਯਾਦ ਉਕੇਰ ਗਈ। ਮਕਬੂਲ ਲੋਕ ਗਾਇਕਾਂ ਹਰਭਜਨ ਮਾਨ ਨੇ ਆਪਣੇ ਪ੍ਰਸਿੱਧ ਗੀਤ ਜੀ ਆਇਆਂ ਨੂੰ ਗਾ ਕੇ ਸ਼ੁਰੁਆਤ ਕੀਤੀ ਅਤੇ ਉਸ ਬਾਅਦ ਸਰੋਤਿਆਂ ਦੀ ਮੰਗ ‘ਤੇ ਇੱਕ ਬਾਅਦ ਇੱਕ ਪ੍ਰਸਿੱਧ ਗਾਣੇ ਪੇਸ਼ ਕੀਤੇ, ਜਿਨ੍ਹਾਂ ਵਿੱਚ 'ਜੱਗ ਜਿਉਂਦਿਆਂ ਦੇ ਮੇਲੇ, ਜੱਗ ਜੰਕਸ਼ਨ ਰੇਲਾਂ ਦਾ, ਕਾਲ ਜਲੰਧਰ ਤੋਂ, ਸਤਰੰਗੀ ਪੀਂਘ, ਯਾਦਾਂ ਰਹਿ ਜਾਣੀਆਂ, ਅਸਾਂ ਨੂੰ ਮਾਣ ਵਤਨਾਂ ਦਾ, ਪਤਾ ਨੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜੀ, ਸੰਮੀ ਮੇਰੀ ਵਾਰ ਜਿਹੇ ਹਰੇਕ ਪੀੜ੍ਹੀ ਦੀ ਤਰਜਮਾਨੀ ਕਰਦੇ ਪ੍ਰਸਿੱਧ ਗੀਤ ਗਾ ਕੇ ਸਰੋਤਿਆਂ ਦਾ ਭਰਪੂਰ ਮਨ ਪ੍ਰਚਾਵਾ ਕੀਤਾ। ਹਾਲਾਂਕਿ ਮੌਸਮ ਵਿੱਚ ਕਾਫ਼ੀ ਠੰਡਕ ਸੀ, ਪਰ ਪੰਜਾਬੀ ਗਾਇਕੀ ਦੇ ਇਨ੍ਹਾਂ ਮਾਣਮੱਤੇ ਸਿਤਾਰਿਆਂ ਨੂੰ ਸੁਣਨ ਲਈ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਠੰਢ ਦੇ ਬਾਵਜੂਦ 10 ਹਜ਼ਾਰ ਤੋਂ ਵੀ ਵੱਧ ਦਰਸ਼ਕਾਂ ਨੇ ਮੇਲਾ ਗਰਾਊਂਡ ਵਿੱਚ ਪਹੁੰਚ ਕੇ ਇਸ ਸੰਗੀਤਕ ਸ਼ਾਮ ਦਾ ਭਰਪੂਰ ਆਨੰਦ ਮਾਣਿਆ।
ਇਸ ਮੌਕੇ ਹਾਜ਼ਰ ਵਿਧਾਇਕ ਮਾਨਸਾ ਡਾ. ਵਿਜੇ ਸਿੰਗਲਾ ਅਤੇ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਰਭਜਨ ਮਾਨ ਦੀ ਸਾਫ਼-ਸੁਥਰੀ ਅਤੇ ਮਿਆਰੀ ਗਾਇਕੀ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐਸਐਸਪੀ ਭਾਗੀਰਥ ਸਿੰਘ ਮੀਨਾ ਦੇ ਨਾਲ-ਨਾਲ ਸਿਮਰਨਦੀਪ ਸਿੰਘ ਆਈਏਐਸ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਏਡੀਸੀ ਪੇਂਡੂ ਵਿਕਾਸ ਆਕਾਸ਼ ਬਾਂਸਲ, ਏਡੀਸੀ ਅਨੁਪ੍ਰਿਤਾ ਜੌਹਲ, ਮੁੱਖ ਮੰਤਰੀ ਫ਼ੀਲਡ ਅਫ਼ਸਰ ਡਾ. ਗੁਰਲੀਨ ਕੌਰ ਸਿੱਧੂ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਡੀਸੀ ਨਵਜੋਤ ਕੌਰ ਨੇ ਦੱਸਿਆ ਕਿ ਸਰਸ ਮੇਲਾ ਜਿੱਥੇ ਦਸਤਕਾਰੀ ਤੇ ਸ਼ਿਲਪਕਾਰੀ ਆਧਾਰਿਤ ਵਸਤਾਂ ਦੀ ਵਿਕਰੀ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ, ਸਗੋਂ ਪੰਜਾਬੀ ਵਿਰਸੇ ਅਤੇ ਕਲਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਵੱਡਾ ਮੰਚ ਵੀ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਗਾਇਕ ਹਰਜੀਤ ਹਰਮਨ, 20 ਮਾਰਚ ਨੂੰ ਗਾਇਕ ਕੰਵਰ ਗਰੇਵਾਲ ਅਤੇ 21 ਮਾਰਚ ਨੂੰ ਆਰ ਨੇਤ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੁੱਜਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਤੋਂ ਵੱਡੀ ਗਿਣਤੀ ਵਿੱਚ ਸਰਸ ਮੇਲਾ ਵਿੱਚ ਸ਼ਾਮਿਲ ਹੋ ਕੇ ਆਨੰਦ ਮਾਨਣ। ਇਸ ਮੌਕੇ ਮਾਲਵਾ ਜ਼ੋਨ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਚੁਸ਼ਪਿੰਦਰਬੀਰ ਚਹਿਲ, ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸ਼ਰਨਜੀਤ ਕੌਰ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।