ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਦੀ ਰਜਿਸਟ੍ਰੇਸ਼ਨ ਜ਼ਰੂਰੀ : ਡੀਸੀ
ਕਮਿਸ਼ਨਰ, ਫੂਡ ਅਤੇ ਡਰੱਗਜ਼ ਐਡਮਨਿਸਟ੍ਰੇਸ਼ਨ
Publish Date: Thu, 15 Jan 2026 06:49 PM (IST)
Updated Date: Thu, 15 Jan 2026 06:51 PM (IST)

- ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਅਗਵਾਈ ਅਧੀਨ ਮਹੀਨਾ ਨਵੰਬਰ 2025 ਅਤੇ ਦਸੰਬਰ 2025 ਦੀ ਡੀ-ਲਿੰਕ (ਡਿਸਟ੍ਰਿਕ ਲੈਵਲ ਅਡਵਾਜ਼ਰੀ ਕਮੇਟੀ) ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਵੱਲੋਂ ਹਾਜ਼ਰ ਕਮੇਟੀ ਮੈਂਬਰਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਸਾਫ਼-ਸਫ਼ਾਈ, ਰੰਗ ਵਾਲੀਆਂ ਵਸਤਾਂ ਨਾ ਵੇਚਣ, ਅਦਾਰਿਆਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਸਬੰਧੀ, ਅਦਾਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਹਦਾਇਤ ਜਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਵੱਲੋਂ ਦੱਸਿਆ ਗਿਆ ਕਿ ਟੀਮ ਵੱਲੋਂ ਖਾਣ-ਪੀਣ ਦਾ ਕੰਮ ਕਰਨ ਵਾਲੇ ਅਦਾਰਿਆਂ ਦੇ ਜਾਗਰੂਕਤਾ ਕੈਂਪ ਲਗਾ ਕੇ ਉਨ੍ਹਾਂ ਨੂੰ ਲਾਇਸੈਂਸ/ਰਜਿਸਟ੍ਰੇਸ਼ਨ ਸਬੰਧੀ, ਸਾਫ-ਸਫਾਈ ਸਬੰਧੀ ਅਤੇ ਮੁਲਾਜਮਾਂ ਦੇ ਮੈਡੀਕਲ ਕਰਵਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਸਕੂਲੀ ਬੱਚਿਆਂ ਨੂੰ ਟ੍ਰਾਂਸ ਫੈਟ, ਹਾਈ ਫੈਟ ਸਾਲਟ ਐਂਡ ਸ਼ੂਗਰ ਅਤੇ ਫੂਡ ਲੇਬਲ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਦੱਸਿਆ ਗਿਆ ਮਹੀਨਾ ਨਵੰਬਰ 2025 ਅਤੇ ਦਸੰਬਰ 2025 ਦੌਰਾਨ 02 ਸੈਂਪਲ ਬੁਢਲਾਡਾ ਅਤੇ ਮਾਨਸਾ ਦੇ ਅਨਸੇਫ ਪਾਏ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਮੌਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਨੁਮਾਇੰਦਿਆਂ ਨੂੰ ਕਿਹਾ ਗਿਆ ਕਿ ਟ੍ਰਾਂਸ ਫੈਟ, ਹਾਈ ਫੈਟ ਸਾਲਟ ਐਂਡ ਸ਼ੂਗਰ ਅਤੇ ਫੂਡ ਲੇਬਲ ਆਦਿ ਦੀਆਂ ਸਿਹਤ ਵਿਭਾਗ ਨਾਲ ਤਾਲਮੇਲ ਕਰ ਕੇ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਮਾਣਯੋਗ ਚੇਅਰਮੈਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ/ਬਿੰਨ ਪਾਲਣਾ ਕਰਨ ਲਈ ਕਿਹਾ ਗਿਆ। ਇਸ ਮੌਕੇ ਕਰਿਆਣਾ ਯੂਨੀਅਨ ਮਾਨਸਾ, ਬੇਕਰੀ ਯੂਨੀਅਨ ਮਾਨਸਾ ਤੇ ਹਲਵਾਈ ਯੂਨੀਅਨ ਮਾਨਸਾ ਦੇ ਨੁਮਾਇਦੇ ਵੀ ਹਾਜ਼ਰ ਸਨ।