ਸਰਕਾਰੀ ਸਕੂਲਾਂ ’ਚ ਦਾਖ਼ਲਾ ਵਧਾਉਣ ਲਈ ਕੱਢੀ ਰੈਲੀ
ਨੇੜਲੇ ਪਿੰਡ ਸਿਰਸੀਵਾਲਾ ਵਿਖੇ ਸਰਕਾਰੀ
Publish Date: Fri, 13 Feb 2026 07:27 PM (IST)
Updated Date: Sat, 14 Feb 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨੇੜਲੇ ਪਿੰਡ ਸਿਰਸੀਵਾਲਾ ਵਿਖੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਵਧਾਉਣ ਸਬੰਧੀ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਸਿਰਸੀਵਾਲਾ ਅਤੇ ਸਰਕਾਰੀ ਹਾਈ ਸਕੂਲ ਦਿਆਲਪੁਰਾ ਨੇ ਸਾਂਝੇ ਰੂਪ ਵਿੱਚ ਸਰਪੰਚ ਨਿਸ਼ਾਨ ਸਿੰਘ, ਹੈੱਡ ਮਿਸਟ੍ਰੈਸ ਅਨੀਤਾ ਰਾਣੀ ਅਤੇ ਹੈੱਡ ਟੀਚਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਰੈਲੀ ਕੱਢੀ। ਇਸ ਰੈਲੀ ’ਚ ਸਕੂਲ ਦੇ ਐੱਸਐੱਮਸੀ ਮੈਂਬਰਾਂ ਤੇ ਨਗਰ ਪੰਚਾਇਤ ਨੇ ਹਿੱਸਾ ਲਿਆ। ਰੈਲੀ ਦੌਰਾਨ ਅਨੀਤਾ ਰਾਣੀ ਅਤੇ ਮਹਿੰਦਰ ਪਾਲ ਬਰੇਟਾ ਨੇ ਦੱਸਿਆ ਕਿ ਸਕੂਲ ਵਿੱਚ ਮਿਹਨਤੀ ਅਤੇ ਤਜਰਬੇਕਾਰ ਸਟਾਫ਼, ਪੰਜਾਬੀ ਅਤੇ ਅੰਗ੍ਰੇਜ਼ੀ ਮਾਧਿਅਮ , ਕਲਾਸਰੂਮਾਂ ਵਿੱਚ ਪ੍ਰੋਜੈਕਟਰ ਅਤੇ ਆਧੁਨਿਕ ਸਹੂਲਤਾਂ ਵਾਲੀਆਂ ਲੈਬਾਂ ਮੌਜੂਦ ਹਨ। ਰੈਲੀ ਦਾ ਮੁੱਖ ਮੰਤਵ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ’ਚ ਦਾਖਲ ਕਰਾਉਣਾ ਚਾਹੀਦਾ ਹੈ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ। ਵਿਦਿਆਰਥੀਆਂ ਵੱਲੋਂ ਹੱਥਾਂ ’ਚ ਲੋਗੋ ਲੈ ਕੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਨਾਅਰੇ ਲਗਾਉਂਦੇ ਹੋਏ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸਾਰੇ ਨਗਰ ਦਾ ਚੱਕਰ ਲਗਾ ਰੈਲੀ ਨੂੰ ਸਕੂਲ ਵਿਖੇ ਸਮਾਪਤ ਕੀਤਾ ਗਿਆ। ਇਸ ਮੌਕੇ ਪ੍ਰਿੰਸ ਪਾਲ, ਮੱਘਰ ਸਿੰਘ ਖਾਲਸਾ, ਗੁਰਦੀਪ ਸਿੰਘ, ਸੁਮਨ, ਸੋਨਾਲੀ ਕੱਕੜ ਤੇ ਦੋਹਾਂ ਸਕੂਲਾਂ ਦਾ ਸਟਾਫ਼ ਬੱਚਿਆਂ ਦੇ ਨਾਲ ਸੀ।