ਭਾਕਿਯੂ ਏਕਤਾ ਡਕੌਂਦਾ ਨੇ ਕੀਤੀ ਜਾਗਰੂਕਤਾ ਰੈਲੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Tue, 06 Jan 2026 05:34 PM (IST)
Updated Date: Wed, 07 Jan 2026 04:03 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਦੇ ਲਾਗਲੇ ਪਿੰਡ ਖਿਆਲਾ ਕਲਾਂ ਵਿਖੇ ਕੇਂਦਰ ਸਰਕਾਰ ਵੱਲੋਂ ਭੇਜੇ ਤਿੰਨ ਬਿੱਲਾਂ ਬਿਜਲੀ ਸੋਧ ਬਿੱਲ- 2025, ਬੀਜ ਬਿੱਲ-2025 ਤੇ ਚਾਰ ਕਿਰਤ ਕਾਨੂੰਨਾਂ ਦੇ ਵਿਰੋਧ ’ਚ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਬਿਲਾਂ ਰਾਹੀਂ ਜਿੱਥੇ ਮਲਟੀ ਨੈਸ਼ਨਲ ਕੰਪਨੀਆਂ ਨੂੰ ਭਾਰਤ ਦੀ ਮੰਡੀ ’ਤੇ ਕਬਜ਼ਾ ਕਰਵਾਉਣਾ ਚਾਹੁੰਦੀ ਹੈ, ਉੱਥੇ ਹੀ ਕਿਰਤੀ ਜਮਾਤ ਦੀ ਕਿਰਤ ’ਤੇ ਵੱਡਾ ਹੱਲਾ ਬੋਲਣ ਜਾ ਰਹੀ ਹੈ। ਬਿੱਲਾਂ ’ਚ ਸਾਫ਼ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਿਜਲੀ ਬੁਨਿਆਦੀ ਲੋੜ ਦੀ ਥਾਂ ਇਕ ਬਜ਼ਾਰੂ ਵਸਤੂ ਅਤੇ ਕਾਰਪੋਰੇਟਾਂ ਲਈ ਮੁਨਾਫ਼ੇ ਦਾ ਧੰਦਾ ਬਣ ਕੇ ਰਹਿ ਜਾਵੇਗੀ। ਵਿਸ਼ਵ ਵਪਾਰ ਸੰਸਥਾ ਨਾਲ ਹੋਏ ਸਮਝੌਤਿਆਂ ਨੂੰ ਕੇਂਦਰ ਸਰਕਾਰ ਇਨ੍ਹਾਂ ਬਿੱਲਾਂ ਰਾਹੀਂ ਲਾਗੂ ਕਰਨਾ ਚਾਹੁੰਦੀ ਹੈ ਤੇ ਆਮ ਲੋਕਾਂ ਨੂੰ ਦਿੱਤੀਆਂ ਸਬਸਿਡੀਆਂ ’ਤੇ ਵੀ ਕੱਟ ਲਾਉਣਾ ਚਾਹੁੰਦੀ ਹੈ। ਜਿੱਥੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਰਾਹੀਂ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਜਾ ਰਿਹਾ ਹੈ ਤੇ ਜ਼ਮੀਨੀ ਹਕੀਕਤ ਵਿੱਚ ਮਜ਼ਦੂਰਾਂ ਨੂੰ 100 ਦਿਨ ਦਾ ਪੂਰ੍ਹਾ ਰੁਜ਼ਗਾਰ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ‘ਤੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਕਰੋੜਾਂ ਰੁਪਏ ਦੇ ਗੱਫੇ ਦਿੱਤੇ ਜਾ ਰਹੇ ਹਨ। ਇਹ ਸਾਬਤ ਕਰਦੇ ਹਨ ਕਿ ਕੇਂਦਰ ਸਰਕਾਰ ਦੀ ਕਹਿਣੀ ਤੇ ਕਰਨੀ ’ਚ ਬਹੁਤ ਫ਼ਰਕ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਪਹਿਲ ਕਦਮੀ ਸਦਕਾ ਟਰੇਡ ਯੂਨੀਅਨ, ਕਿਸਾਨਾਂ ਤੇ ਮਜ਼ਦੂਰਾਂ ਦੇ ਬਣੇ ਫ਼ਰੰਟ ਵੱਲੋਂ 16 ਜਨਵਰੀ ਦਾ ਡੀਸੀ ਦਫ਼ਤਰਾਂ ਅੱਗੇ ਕੀਤਾ ਜਾ ਰਿਹਾ ਵਿਸ਼ਾਲ ਇਕੱਠ ਇਹ ਸਾਬਤ ਕਰ ਦੇਵੇਗਾ ਕਿ ਕਿਰਤੀ ਜਮਾਤ ਇਸ ਧੱਕੇ ਨੂੰ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰੇਗੀ। ਅੱਜ ਦੀ ਰੈਲੀ ’ਚ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਸਮੇਤ ਰੂਪ ਸ਼ਰਮਾਂ, ਵਰਿਆਮ ਸਿੰਘ, ਗੁਰਸੇਵਕ ਸਿੰਘ, ਪ੍ਰਗਟ ਸਿੰਘ, ਜਰਨੈਲ ਸਿੰਘ, ਰਾਜਾ ਸਿੰਘ, ਸਿਕੰਦਰ ਸਿੰਘ, ਬਲਵੀਰ ਸਿੰਘ, ਕਾਕਾ ਸਿੰਘ ਅਤੇ ਜਰਨੈਲ ਸਿੰਘ ਆਦਿ ਵੀ ਸ਼ਾਮਲ ਰਹੇ।