ਬਸੰਤ 'ਤੇ ਮੀਂਹ ਦਾ 'ਪੇਚਾ': ਤੇਜ਼ ਬਰਸਾਤ ਨੇ ਪਤੰਗਬਾਜ਼ਾਂ ਦੇ ਚਾਅ ਕੀਤੇ ਕਿਰਕਿਰੇ, ਸੁੰਨੇ ਪਏ ਅਸਮਾਨ; ਸੜਕਾਂ 'ਤੇ ਦਿਖਿਆ ਜਲ-ਥਲ
ਬਸੰਤ ਪੰਚਮੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ। ਪਿਛਲੇ ਕੁਝ ਦਿਨਾਂ ਤੋਂ ਧੁੰਦ ਅਤੇ ਕੜਾਕੇ ਦੀ ਠੰਢ ਘਟਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਸੀ, ਪਰ ਹੁਣ ਬਦਲੇ ਮੌਸਮ ਨੇ ਮੁੜ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ।
Publish Date: Fri, 23 Jan 2026 09:32 AM (IST)
Updated Date: Fri, 23 Jan 2026 09:33 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਬਸੰਤ ਪੰਚਮੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਇਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ। ਪਿਛਲੇ ਕੁਝ ਦਿਨਾਂ ਤੋਂ ਧੁੰਦ ਅਤੇ ਕੜਾਕੇ ਦੀ ਠੰਢ ਘਟਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਸੀ, ਪਰ ਹੁਣ ਬਦਲੇ ਮੌਸਮ ਨੇ ਮੁੜ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ।
ਮਾਨਸਾ ਵਿੱਚ ਸ਼ੁੱਕਰਵਾਰ ਦੀ ਦੇਰ ਸ਼ਾਮ ਤੋਂ ਬੱਦਲ ਛਾਏ ਰਹੇ ਅਤੇ ਰਾਤ ਦੇ ਸਮੇਂ ਮੀਂਹ ਸ਼ੁਰੂ ਹੋ ਗਿਆ, ਜੋ ਸਵੇਰ ਤੱਕ ਲਗਾਤਾਰ ਜਾਰੀ ਰਿਹਾ। ਮੀਂਹ ਦੇ ਕਾਰਨ ਬੱਸ ਅੱਡੇ ਦੇ ਸਾਹਮਣੇ ਸਥਿਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਸਮੇਤ ਕਈ ਹੋਰ ਸੜਕਾਂ ’ਤੇ ਪਾਣੀ ਜਮ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਵਿੱਚ ਮੁਸ਼ਕਲਾਂ ਪੈਦਾ ਹੋਈਆਂ। ਦੂਜੇ ਪਾਸੇ, ਮਾਨਸਾ ਜ਼ਿਲ੍ਹੇ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਪਹਿਲਾਂ ਹੀ ਪਤੰਗਾਂ ਅਤੇ ਡੋਰਾਂ ਦੀ ਖਰੀਦ ਕੀਤੀ ਗਈ ਸੀ, ਪਰ ਅਚਾਨਕ ਬਦਲੇ ਮੌਸਮ ਅਤੇ ਲਗਾਤਾਰ ਮੀਂਹ ਨੇ ਪਤੰਗਬਾਜ਼ੀ ਦਾ ਸਾਰਾ ਮਜ਼ਾ ਕਿਰਕਰਾ ਕਰ ਦਿੱਤਾ।
ਮੌਸਮ ਮਾਹਿਰਾਂ ਦੇ ਅਨੁਸਾਰ, ਇਸ ਬਦਲਾਅ ਨਾਲ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਮੁੜ ਗਿਰਾਵਟ ਆ ਸਕਦੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਹਾੜੀ ਦੀ ਮੁੱਖ ਫਸਲ ਕਣਕ ਲਈ ਲਾਹੇਵੰਦ ਸਾਬਿਤ ਹੋਵੇਗਾ। ਪਿਛਲੇ ਦਿਨਾਂ ਵਿੱਚ ਠੰਢ ਘਟਣ ਕਾਰਨ ਤਾਪਮਾਨ ਵਿੱਚ ਵਾਧਾ ਹੋ ਰਿਹਾ ਸੀ, ਜੋ ਫਸਲ ਲਈ ਨੁਕਸਾਨਦਾਇਕ ਹੋ ਸਕਦਾ ਸੀ, ਪਰ ਹੁਣ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜੋ ਫਸਲ ਦੇ ਹੱਕ ਵਿੱਚ ਹੈ।