- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਲੋਕਾਂ ਦੀਆਂ ਹੱਕੀ ਮੰਗਾਂ ਅਤੇ

-ਪੁਲਿਸ ਨੇ ਕਿਸਾਨਾਂ ਨੂੰ ਬਠਿੰਡਾ ਦੇ ਧਰਨੇ ’ਚ ਸ਼ਾਮਲ ਹੋਣ ਤੋਂ ਰੋਕਿਆ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਬੀਕੇਯੂ ਉਗਰਾਹਾਂ ਵੱਲੋਂ ਦੋ ਕਿਸਾਨਾਂ ਨੂੰ ਜੇਲ੍ਹ ’ਚੋਂ ਰਿਹਾਅ ਕਰਵਾਉਣ ਲਈ ਬਠਿੰਡਾ ਦਿੱਤੇ ਜਾ ਰਹੇ ਧਰਨੇ ’ਚ ਪਹੁੰਚਣ ਤੋਂ ਰੋਕਣ ਲਈ ਪੁਲਿਸ ਨੇ ਰਾਤ ਹੀ ਛਾਪੇਮਾਰੀ ਜਗ੍ਹਾ ਜਗ੍ਹਾ ਕਰਨੀ ਸ਼ੁਰੂ ਕਰ ਦਿੱਤੀ ਸੀ, ਜਦੋਂਕਿ ਕਿਸਾਨਾਂ ਨੂੰ ਰੋਕਣ ਲਈ ਕਈ ਜਗ੍ਹਾ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸ ਦੇ ਕਾਰਨ ਆਮ ਲੋਕ ਵੀ ਆਉਣ ਜਾਣ ਦੌਰਾਨ ਪ੍ਰੇਸ਼ਾਨ ਹੁੰਦੇ ਰਹੇ। ਭੀਖੀ ਪੁਲਿਸ ਵੱਲੋਂ ਨਹਿਰ ਕੋਲ ਨਾਕੇਬੰਦੀ ਕੀਤੀ ਹੋਈ ਸੀ ਅਤੇ ਇਸ ਦੌਰਾਨ ਵਾਹਨਾਂ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਦੋ ਕਿਸਾਨਾਂ ‘ਤੇ ਝੂਠੇ ਕੇਸ ਪਾ ਦਿੱਤੇ ਗਏ ਸਨ ਅਤੇ 9 ਮਹੀਨਿਆਂ ਦੇ ਉਹ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਅੱਜ ਉਨ੍ਹਾਂ ਨੇ ਬਠਿੰਡਾ ’ਚ ਇਕੱਠੇ ਹੋਣਾ ਸੀ ਅਤੇ ਧਰਨਾ ਦਿੱਤਾ ਜਾਣਾ ਸੀ। ਪੁਲਿਸ ਵੱਲੋਂ ਧੱਕੇਸ਼ਾਹੀ ਕਰਦਿਆਂ ਰਾਤੀ ਕਿਸਾਨਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਰਾਤ ਘਰੋਂ ਬਾਹਰ ਸਨ। ਅੱਜ ਜਦ ਭੈਣੀਬਾਘਾ ਤੋਂ ਇਕੱਠੇ ਹੋ ਕੇ ਕਿਸਾਨਾਂ ਨੇ ਬਠਿੰਡਾ ਨੂੰ ਜਾਣਾ ਸੀ ਤਾਂ ਉਨ੍ਹਾਂ ਨੂੰ ਪੁਲਿਸ ਨੇ ਇੱਥੇ ਹੀ ਰੋਕ ਲਿਆ।
ਉਧਰ ਪੁਲਿਸ ਵੱਲੋਂ ਕੀਤੀ ਜਾ ਰਹੀ ਕਿਸਾਨਾਂ ਦੀ ਧੱਕੇਸ਼ਾਹੀ ਦੀ ਡੀਟੀਐਫ਼ ਵੱਲੋਂ ਵੀ ਨਿਖੇਧੀ ਕੀਤੀ ਗਈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀਟੀਐੱਫ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ੍ਹ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੇ ਘਰਾਂ ਵਿਚ ਪੰਜਾਬ ਪੁਲਿਸ ਵੱਲੋਂ ਤੜਕਸਾਰ ਕੀਤੀ ਛਾਪੇਮਾਰੀ ਅਤੇ ਕਿਸਾਨਾਂ ਦੀ ਫੜੋ ਫੜਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਪ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਤੇ ਹਰ ਰੋਜ਼ ਜ਼ੁਲਮ ਢਾਹਿਆ ਜਾ ਰਿਹਾ ਹੈ। ਧਰਨਿਆਂ ਵਿੱਚੋਂ ਪੈਦਾ ਹੋਈ ਪਾਰਟੀ ਧਰਨਾ ਪ੍ਰਦਰਸ਼ਨ ਕਰਨ ਦੇ ਜ਼ਮਹੂਰੀ ਹੱਕਾਂ ਨੂੰ ਕਤਲ ਕਰ ਰਹੀ ਹੈ। ਡੀਟੀਐੱਫ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ, ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਨੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜ਼ੇਲ੍ਹ ਵਿੱਚ ਬੰਦ ਦੋ ਕਿਸਾਨ ਆਗੂਆਂ ਵਿੱਚੋਂ ਇੱਕ ਕਿਸਾਨ ਆਗੂ ਨੂੰ ਤਾਂ ਉਸਦੀ ਮਾਤਾ ਦੇ ਸਸਕਾਰ ਤੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ।
ਵਰਨਣਯੋਗ ਹੈ ਕਿ ਸਾਲ 2025 ਦੌਰਾਨ ਆਦਰਸ਼ ਸਕੂਲ ਚਾਉਕੇ ਦੀ ਕਥਿਤ ਭ੍ਰਿਸ਼ਟ ਮੈਨੇਜਮੈਂਟ ਖ਼ਿਲਾਫ਼ ਨੌਕਰੀ ਤੋਂ ਹਟਾਏ ਗਏ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਲਈ ਕਿਸਾਨ ਆਗੂਆਂ ਨੇ ਸੰਘਰਸ ਕੀਤਾ ਸੀ, ਜਿਸ ਨੂੰ ਆਧਾਰ ਬਣਾ ਕੇ ਰੰਜਿਸ਼ ਤਹਿਤ ਇਨ੍ਹਾਂ ਦੋ ਕਿਸਾਨ ਆਗੂਆਂ ਤੇ ਪਰਚੇ ਦਰਜ਼ ਕੀਤੇ ਗਏ ਅਤੇ ਜ਼ਬਰੀ ਜ਼ੇਲ੍ਹ ਵਿੱਚ ਬੰਦ ਕੀਤਾ ਗਿਆ। ਆਗੂਆਂ ਦੀ ਰਿਹਾਈ ਲਈ ਕੀਤੇ ਜਾ ਰਹੇ ਜਮਹੂਰੀ ਪ੍ਰਦਰਸ਼ਨ ਨੂੰ ਦਬਾਉਣ ਲਈ ਕੱਲ੍ਹ ਤੜਕਸਾਰ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ। ਪਰਿਵਾਰਕ ਮੇਬਰਾਂ ਨਾਲ਼ ਬਦਸਲੂਕੀ ਕੀਤੀ ਗਈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਤੁਰੰਤ ਬੰਦ ਕੀਤਾ ਜਾਵੇ, ਜੇਲ੍ਹ ’ਚ ਬੰਦ ਆਗੂਆਂ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ, ਨਵੀਨ ਬੋਹਾ, ਕੁਲਦੀਪ ਅੱਕਾਂਵਾਲੀ, ਅਮਰੀਕ ਬੋਹਾ, ਰਾਜ ਸਿੰਘ, ਗੁਰਦੀਪ ਬਰਨਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ, ਬਲਕਾਰ ਸਿੰਘ, ਰਾਜਿੰਦਰ ਸਿੰਘ ਐਚ ਟੀ, ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਮੱਘਰ ਸਿੰਘ, ਜਗਪਾਲ ਸਿੰਘ, ਅਰਵਿੰਦਰ ਸਿੰਘ, ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ, ਅਮਰਪ੍ਰੀਤ ਕੌਰ, ਨਿਰਲੇਪ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਅਮਰਜੀਤ ਸਿੰਘ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।