ਗੁਰਦਾਸ ਮਾਨ ਦੀ ‘ਸਿੱਧੂ ਮੂਸੇਵਾਲਾ ਸਲਾਮ ਤੇਰੇ ਸ਼ਹਿਰ ਨੂੰ...’ ਕਵਿਤਾ ਨੇ ਕੀਤਾ ਭਾਵੁਕ
ਪੰਜਾਬੀ ਸੰਗੀਤ ਜਗਤ
Publish Date: Sun, 15 Mar 2026 07:08 PM (IST)
Updated Date: Mon, 16 Mar 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬੀ ਸੰਗੀਤ ਜਗਤ ਦੇ ਦਿੱਗਜ ਗੁਰਦਾਸ ਮਾਨ ਸ਼ਨੀਵਾਰ ਰਾਤੀ ਉਸ ਸਮੇਂ ਭਾਵੁਕ ਹੋ ਗਏ, ਜਦ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਵਿਸ਼ੇਸ਼ ਤੌਰ ਤੇ ਲਿਖੀ ਕਵਿਤਾ ‘ਸਿੱਧੂ ਮੂਸੇਵਾਲਾ ਸਲਾਮ ਤੇਰੇ ਸ਼ਹਿਰ ਨੂੰ’ ਦੀਆਂ ਸਤਰਾਂ ਸੁਣਾਈਆਂ। ਇਸ ਸਮੇਂ ਉਹ ਖੁਦ ਤੇ ਮੌਜੂਦ ਲੋਕ ਭਾਵੁਕ ਹੋ ਗਏ। ਮਾਨ ਨੇ ਕਿਹਾ ਕਿ ਉਹ ਸਿੱਧੂ ਦੇ ਸ਼ਹਿਰ ਆਏ ਹਨ ਅਤੇ ਉਸ ਦੇ ਘਰ ਗਏ ਬਿਨਾ ਵਾਪਸ ਨਹੀਂ ਪਰਤਣਗੇ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਆਵਾਜ਼ ਤੇ ਉਸ ਦੀ ਸ਼ਾਇਰੀ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਉਨ੍ਹਾਂ ਨੇ ਸਟੇਜ ਤੋਂ ਸਤਰਾਂ ਪੜ੍ਹਦੇ ਹੋਏ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਉਸ ਦੇ ਗੀਤ ਤੇ ਉਸ ਦਾ ਜਜ਼ਬਾ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਸਿੱਧ ਗਾਇਕ ਗੁਰਦਾਸ ਵੱਲੋਂ ਲਿਖੀ ਕਵਿਤਾ ਦੀਆਂ ਸਤਰਾਂ ਬੋਲਦਿਆਂ ਦੀ ਵੀਡਿਉ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਪੋਸਟ ਕਰਕੇ ਧੰਨਵਾਦ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਐਤਵਾਰ ਨੂੰ ਸਵੇਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵੀ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਮੂਸੇਵਾਲਾ ਦੀ ਹਵੇਲੀ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਮਾਹੌਲ ਉਸ ਸਮੇਂ ਬੇਹੱਦ ਭਾਵੁਕ ਹੋ ਗਿਆ, ਜਦੋਂ ਗੁਰਦਾਸ ਮਾਨ ਨੇ ਪਹਿਲਾਂ ਸ਼ੁਭਦੀਪ (ਸਿੱਧੂ ਮੂਸੇਵਾਲਾ) ਦੇ ਛੋਟੇ ਭਰਾ ਦੇ ਪੈਰਾਂ ਨੂੰ ਛੂਹਿਆ ਅਤੇ ਉਸ ਤੋਂ ਬਾਅਦ ਛੋਟੇ ਮੂਸੇਵਾਲਾ ਨੇ ਵੀ ਉਨ੍ਹਾਂ ਦੇ ਪੈਰ ਛੂਹ ਕੇ ਸਿਰ ਝੁਕਾਇਆ। ਇਸ ਦੌਰਾਨ ਜਦੋਂ ਸਿੱਧੂ ਦੀ ਮਾਤਾ ਚਰਨ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਤਾਂ ਗੁਰਦਾਸ ਮਾਨ ਨੇ ਵੀ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਿੱਧੂ ਦੇ ਛੋਟੇ ਭਰਾ ਨੂੰ ਦੇਖਿਆ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਇਹ ਤਾਂ ਬਿਲਕੁਲ ਹੂ-ਬ-ਹੂ ਸ਼ੁਭਦੀਪ ਵਰਗਾ ਦਿਖਾਈ ਦਿੰਦਾ ਹੈ, ਉਹੀ ਚਿਹਰਾ ਅਤੇ ਉਹੀ ਜਜ਼ਬਾ ਨਜ਼ਰ ਆਉਂਦਾ ਹੈ। ਇਸ ਤੋਂ ਬਾਅਦ ਅਚਾਨਕ ਗੁਰਦਾਸ ਮਾਨ ਨੇ ਛੋਟੇ ਸਿੱਧੂ ਦੇ ਪੈਰਾਂ ਨੂੰ ਛੂਹ ਲਿਆ। ਇਸ ਉਪਰੰਤ ਮਾਤਾ ਚਰਨ ਕੌਰ ਨੇ ਛੋਟੇ ਸ਼ੁਭਦੀਪ ਨੂੰ ਗੁਰਦਾਸ ਮਾਨ ਦੇ ਪੈਰ ਛੂਹਣ ਲਈ ਕਿਹਾ।