ਸੜਕ ਹਾਦਸੇ ’ਚ ਦੋਧੀ ਸਣੇ ਦੋ ਜ਼ਖ਼ਮੀ
ਤਲਵੰਡੀ ਰੋਡ ’ਤੇ
Publish Date: Sun, 08 Feb 2026 06:17 PM (IST)
Updated Date: Mon, 09 Feb 2026 04:06 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਤਲਵੰਡੀ ਰੋਡ ’ਤੇ ਬੀਤੀ ਸ਼ਾਮ ਮਾਨਸਾ ਤੋਂ ਤਲਵੰਡੀ ਸਾਬੋ ਵੱਲ ਨੂੰ ਜਾ ਰਹੀ ਕਾਰ ਨੇ ਦੋਧੀ ਬਹਾਦਰ ਸਿੰਘ ਤੇ ਦੁੱਧ ਪਵਾਉਣ ਵਾਲਾ ਬਜ਼ੁਰਗ ਹਰਦੇਵ ਸਿੰਘ ਦੋਵਾਂ ਨੂੰ ਹੀ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਨੋਂ ਹੀ ਜ਼ਖਮੀ ਹੋ ਗਏ। ਇਸ ਦੌਰਾਨ ਤੇਜ਼ ਰਫ਼ਤਾਰ ਗੱਡੀ ਬੰਪਰ ’ਤੇ ਨੰਬਰ ਪਲੇਟ ਮੌਕੇ ’ਤੇ ਹੀ ਡਿੱਗ ਪਏ। ਜ਼ਖਮੀਆਂ ਨੂੰ ਮਾਨਸਾ ਹਸਪਤਾਲ ਭਰਤੀ ਕਰਵਾਇਆ ਗਿਆ, ਜਦੋਂਕਿ ਬਜ਼ੁਰਗ ਨੂੰ ਮਾਨਸਾ ਤੋਂ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਦੋਧੀ ਬਹਾਦਰ ਸਿੰਘ ਦਾ ਇਲਾਜ ਮਾਨਸਾ ਵਿਖੇ ਚੱਲ ਰਿਹਾ ਹੈ। ਹਾਦਸੇ ਵਾਲੀ ਥਾਂ ’ਤੇ ਮੌਜੂਦ ਰਾਮ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪਿੰਡ ਗੇਹਲੇ ਦੇ ਰਹਿਣ ਵਾਲੇ ਬਹਾਦਰ ਸਿੰਘ ਦੋਧੀ ਜੋ ਪਿੰਡ ਰਮਦਿੱਤੇਵਾਲਾ ਤੇ ਮੂਸਾ ਪਿੰਡ ਦੇ ਵਿਚਕਾਰ ਸ਼ੈਲਰਾਂ ਵਿੱਚ ਦੁੱਧ ਪਾਉਣ ਜਾਂਦੇ ਹਨ ਤੇ ਜੋ ਹਰ ਰੋਜ਼ ਦੀ ਤਰ੍ਹਾਂ ਗੁਦਾਮਾਂ ਨੇੜੇ ਬਣੇ ਕੰਡੇ ਤੇ ਇੱਕ ਬਜ਼ੁਰਗ ਨੂੰ ਦੁੱਧ ਪਾ ਰਹੇ ਸਨ। ਇਸ ਦੌਰਾਨ ਮਾਨਸਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਗੱਲਤ ਸਾਈਡ ਜਾ ਕੇ ਕੱਚੇ ਵਿੱਚ ਖੜ੍ਹੇ ਹੋਏ ਦੋਧੀ ਅਤੇ ਦੁੱਧ ਪਵਾ ਰਹੇ ਬਜ਼ੁਰਗ ‘ਤੇ ਜਾ ਚੜ੍ਹੀ। ਇਸ ਕਰਕੇ ਦੋਨੋਂ ਜ਼ਖਮੀ ਹੋ ਗਏ। ਰਾਮ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਨਹੀਂ ਰੁਕੀ। ਡਰਾਈਵਰ ਨਸ਼ੇ ਦੀ ਹਾਲਾਤ ਵਿੱਚ ਲੱਗ ਰਿਹਾ ਸੀ ਤੇ ਗੱਡੀ ਦੀ ਨੰਬਰ ਪਲੇਟ ਤੇ ਗੱਡੀ ਦਾ ਬੈਪਰ ਉਥੇ ਹੀ ਡਿੱਗ ਪਿਆ। ਇਸ ਦਾ ਵੇਰਵਾ ਉਨ੍ਹਾਂ ਪੁਲਿਸ ਨੂੰ ਦੇ ਦਿੱਤਾ।
ਉਨ੍ਹਾਂ ਦੱਸਿਆ ਕਿ ਦੋਧੀ ਬਹਾਦਰ ਸਿੰਘ ਤੇ ਬਜ਼ੁਰਗ ਨੂੰ ਜ਼ਖਮੀ ਹਾਲਾਤਾਂ ਵਿੱਚ ਮਾਨਸਾ ਲਿਆਂਦਾ ਗਿਆ। ਡਾਕਟਰਾਂ ਦੁਆਰਾ ਦੁੱਧ ਲੈਣ ਵਾਲੇ ਬਜ਼ੁਰਗ ਹਰਦੇਵ ਸਿੰਘ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ, ਜਦੋਂਕਿ ਦੋਧੀ ਦਾ ਮਾਨਸਾ ਇਲਾਜ ਚੱਲ ਰਿਹਾ ਹੈ। ਉਧਰ ਦੋਧੀ ਯੂਨੀਅਨ ਮਾਨਸਾ ਦੇ ਜਨਰਲ ਸਕੱਤਰ ਲਾਭ ਸਿੰਘ ਭੈਣੀ ਨੇ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਉਕਤ ਗੱਡੀ ਚਾਲਕ ਨੂੰ ਕਾਬੂ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਸਬੰਧੀ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਜਾਂਚ ਚੱਲ ਰਹੀ ਹੈ ਅਤੇ ਉਕਤ ਗੱਡੀ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।