ਸਰਦੂਲਗੜ੍ਹ ਦੇ ਥਾਣਾ ਮੁਖੀ ਦਾ ਤਬਾਦਲਾ, ਲੋਕਾਂ ’ਚ ਰੋਸ
ਸਰਦੂਲਗੜ੍ਹ ਥਾਣਾ ਮੁਖੀ ਗਨੇਸ਼ਵਰ
Publish Date: Sun, 08 Feb 2026 06:26 PM (IST)
Updated Date: Mon, 09 Feb 2026 04:06 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਥਾਣਾ ਮੁਖੀ ਗਨੇਸ਼ਵਰ ਕੁਮਾਰ ਦੀ ਬਦਲੀ ਹੋਣ ‘ਤੇ ਇਲਾਕੇ ‘ਚ ਚਰਚਾ ਛਿੜ ਗਈ ਹੈ। ਜਾਣਕਾਰੀ ਮੁਤਾਬਕ ਐਸਐਚਓ ਸਰਦੂਲਗੜ੍ਹ ਗਨੇਸ਼ਵਰ ਕੁਮਾਰ ਦਾ ਅਚਾਨਕ ਤਬਾਦਲਾ ਕਰ ਦਿੱਤਾ ਗਿਆ ਹੈ। ਥਾਣਾ ਮੁੱਖੀ ਗਨੇਸ਼ਵਰ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਕਾਨੂੰਨ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਬਣਾਈ ਰੱਖਣ ਦੇ ਨਾਲ-ਨਾਲ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਤਰਜੀਹ ਦੇ ਕੇ ਨਿਪਟਾਰਾ ਕੀਤਾ। ਇਸ ਕਾਰਨ ਉਹ ਇਲਾਕਾ ਵਾਸੀਆਂ ਵਿਚ ਇਕ ਇਮਾਨਦਾਰ ਅਤੇ ਲੋਕ-ਪੱਖੀ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਬਦਲੀ ਦੀ ਖ਼ਬਰ ਨਾਲ ਇਲਾਕਾ ਨਿਵਾਸੀਆਂ ’ਚ ਨਿਰਾਸ਼ਾ ਵੇਖਣ ਨੂੰ ਮਿਲੀ ਰਹੀ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਗਨੇਸ਼ਵਰ ਕੁਮਾਰ ਵੱਲੋਂ ਅਮਨ ਕਾਨੂੰਨ ਕਾਇਮ ਰੱਖਣ ਲਈ ਕੀਤੇ ਗਏ ਯਤਨ ਸਰਾਹਣਯੋਗ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਥਾਣੇ ਦੀ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਆਇਆ ਸੀ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਮਾਜਸੇਵੀ ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਸਰਦੂਲਗੜ੍ਹ ਇਲਾਕੇ ਵਿੱਚ ਜੇਕਰ ਕੋਈ ਚੰਗਾ ਅਫ਼ਸਰ ਆਉਂਦਾ ਹੈ ਤਾਂ ਉਸ ਨੂੰ ਉਚ ਅਧਿਕਾਰੀਆਂ ਵਲੋਂ ਕੰਮ ਕਰਨ ਦਾ ਸਮਾਂ ਨਾ ਦੇ ਕੇ ਜਲਦੀ ਬਦਲ ਦਿੱਤਾ ਜਾਂਦਾ ਹੈ, ਜਿਸ ਕਾਰਨ ਇਲਾਕੇ ਵਿੱਚ ਉਸ ਅਫ਼ਸਰ ਵੱਲੋਂ ਸ਼ੁਰੂ ਕੀਤੇ ਚੰਗੇ ਕੰਮ ਅੱਧ ਵਿਚਾਲੇ ਲਟਕ ਜਾਂਦੇ ਹਨ। ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਧਿਕਾਰੀ ਵੀ ਆਪਣੀ ਡਿਊਟੀ ਤੋਂ ਪਾਸਾ ਵੱਟਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਫ਼ਸਰ ਲਾਏ ਅਤੇ ਬਦਲੇ ਜਾਂਦੇ ਹਨ। ਇਹ ਸਭ ਰਾਜਨੀਤੀ ਵਿੱਚ ਮੁੱਢ ਤੋਂ ਹੀ ਚੱਲ ਰਿਹਾ ਹੈ, ਜਿਸ ਕਾਰਨ ਇਮਾਨਦਾਰ ਅਫ਼ਸਰ ਚਾਹੁੰਦੇ ਹੋਏ ਵੀ ਲੋਕ ਹਿਤ ਲਈ ਕੰਮ ਨਹੀਂ ਕਰ ਸਕਦੇ। ਸਰਦੂਲਗੜ੍ਹ ਵਿੱਚ ਅਫ਼ਸਰਾਂ ਦੀ ਘਾਟ ਪਹਿਲਾਂ ਤੋਂ ਹੀ ਚੱਲ ਰਹੀ ਹੈ। ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਇਮਾਨਦਾਰ ਅਫ਼ਸਰਾਂ ਨੂੰ ਕੰਮ ਕਰਨ ਲਈ ਸਮਾਂ ਦਿੱਤਾ ਜਾਵੇ। ਕਾਮਰੇਡ ਲਾਲ ਚੰਦ ਨੇ ਕਿਹਾ ਕਿ ਅਧਿਕਾਰੀਆਂ ਨੂੰ ਸੰਵਿਧਾਨ ਅਨੁਸਾਰ ਨਿਰਪੱਖ ਤੌਰ ਤੇ ਕੰਮ ਕਰਨ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਮੰਦਭਾਗੀ ਹੈ।