- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਜ਼ਿਲ੍ਹਾ ਪ੍ਰੀਸ਼ਦ ’ਚ ਬਲਾਕ

-ਅਕਾਲੀ ਦਲ ਨੇ ‘ਆਪ’ ਦੇ ਵਿਧਾਇਕ ਤੇ ਪ੍ਰਸ਼ਾਸਨ ’ਤੇ ਲਾਏ ਧੱਕੇਸ਼ਾਹੀ ਦੇ ਦੋਸ਼
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹਾ ਪ੍ਰੀਸ਼ਦ ’ਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀਆਂ ਚੋਣਾਂ ਦੌਰਾਨ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ, ਜਦ ਅਕਾਲੀ ਦਲ ਦੇ ਆਗੂਆਂ ਨੇ ‘ਆਪ’ ਪਾਰਟੀ ‘ਤੇ ਧੱਕੇਸ਼ਾਹੀ ਕੀਤੇ ਜਾਣ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕਰ ਦਿੱਤੀ।ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਦੇ ਮੈਂਬਰਾਂ ਨੂੰ ਵੋਟ ਹੀ ਨਹੀਂ ਪਾਉਣ ਦਿੱਤੀ ਅਤੇ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਅਕਾਲੀ ਦਲ ਆਗੂਆਂ ਨੇ ਰੋਸ ਜਤਾਉਂਦਿਆਂ ਚੋਣ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਇਹ ਚੋਣ ਰੱਦ ਨਾ ਕੀਤੇ ਜਾਣ ‘ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ‘ਚ ਅੱਜ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਈ ਹੈ। ਇਸ ਦੌਰਾਨ ‘ਆਪ’ ਦੀ ਖੁਸ਼ਪ੍ਰੀਤ ਕੌਰ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਸਹਾਰਨਾ ਨੂੰ ਵਾਈਸ ਚੇਅਰਮੈਨ ਚੁਣੇ ਜਾਣ ਦਾ ਐਲਾਨ ਦਿੱਤਾ ਗਿਆ। ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਚੋਣ ਸਮੇਂ ਉਨ੍ਹਾਂ ਕੋਲ 12 ਬਲਾਕ ਸੰਮਤੀ ਮੈਂਬਰ ਮੌਜੂਦ ਸਨ, ਜਦੋਂਕਿ ਅਕਾਲੀ ਦਲ ਦੇ ਮੈਂਬਰ ਵੋਟਿੰਗ ਦੌਰਾਨ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਚੱਲਦਿਆਂ ਖੁਸ਼ਪ੍ਰੀਤ ਕੌਰ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਸਹਾਰਨਾ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ।
ਉਧਰ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਰੋਸ ਜਤਾਇਆ ਗਿਆ। ਆਪ ਪਾਰਟੀ ਅਤੇ ਪੁਲਿਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਚੋਣਾਂ ਵਿੱਚ 25 ਮੈਂਬਰ ਜਿੱਤੇ ਸਨ, ਜਿਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ 12 ਅਤੇ 2 ਆਜ਼ਾਦ ਦੇ ਸਮੱਰਥਨ ਨਾਲ ਕੁੱਲ੍ਹ 14 ਜਿਸ ਵਿੱਚੋਂ ਲਿਖਤੀ ਤੌਰ ‘ਤੇ 13 ਨੇ ਸਹਿਮਤੀ ਪ੍ਰਗਟਾਈ। ਇਹ ਤਹਿ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਨਾ ਹੈ ਕਿਉਂਕਿ 2 ਮੈਂਬਰ ਗੁਪਤ ਤੌਰ ’ਤੇ ਵੀ ਵੋਟਾਂ ਪਾਉਣ ਲਈ ਤਿਆਰ ਸਨ। ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਦਿਆਂ ਅਕਾਲੀ ਦਲ ਬਲਾਕ ਸੰਮਤੀ ਮੈਂਬਰਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਇਸ ਦੇ ਬਾਅਦ ਖੁਸ਼ਪ੍ਰੀਤ ਕੌਰ ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ, ਨੂੰ ਬਿਨ੍ਹਾ ਕਿਸੇ ਪ੍ਰਕ੍ਰਿਆ ਦੇ ਚੇਅਰਮੈਨ ਐਲਾਨ ਦਿੱਤਾ ਗਿਆ, ਜਦੋਂਕਿ ਆਮ ਆਦਮੀ ਪਾਰਟੀ ਕੋਲ ਚੇਅਰਮੈਨ ਲਈ ਪੁਖਤਾ ਮੈਂਬਰ ਨਹੀਂ ਸਨ। ਇਸ ਲਈ ਵਿਰੋਧ ਕੀਤਾ ਗਿਆ। ਇਸ ਬਾਅਦ ਪ੍ਰੀਜਾਇਡਿੰਗ ਅਫ਼ਸਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਇੱਕ ਲਿਖਤੀ ਸ਼ਿਕਾਇਤ ਅਤੇ ਇਤਰਾਜ ਪੱਤਰ ਮੌਕੇ ’ਤੇ ਏਡੀਸੀ ਨੂੰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਏਡੀਸੀ ਵੱਲੋਂ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਲਈ ਹੁਣ ਪ੍ਰਸ਼ਾਸਨ ਨੂੰ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਐਡਵੋਕੇਟ ਕੇਐਸ ਮਠਾੜੂ ਕੌਮੀ ਬੁਲਾਰੇ, ਜਸਵਿੰਦਰ ਸਿੰਘ ਤਾਮਕੋਟ, ਬਲਜੀਤ ਸਿੰਘ ਅਤਲਾ ਅਤੇ ਹਰਬੰਸ ਸਿੰਘ ਪੰਮੀ ਅਤੇ ਹੋਰਨਾਂ ਨੇ ਵੀ ਇਸ ਦੀ ਨਿਖੇਧੀ ਕੀਤੀ। ਇਸ ਸਬੰਧੀ ਜਦ ਮਾਨਸਾ ਦੀ ਐਸਡੀਐਮ ਬਲਜੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 12 ਮੈਂਬਰ ਮੌਜੂਦ ਸਨ ਅਤੇ ਉਸੇ ਅਧਾਰ ’ਤੇ ਖੁਸ਼ਪ੍ਰੀਤ ਕੌਰ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਦੋਂ ਉਨ੍ਹਾਂ ਕੋਲੋਂ ਅਕਾਲੀ ਦਲ ਦੇ ਮੈਂਬਰਾਂ ਨੂੰ ਬੰਧਕ ਬਣਾਏ ਜਾਣ ਅਤੇ ਧੱਕੇਸ਼ਾਹੀ ਦੇ ਦੋਸ਼ਾਂ ਬਾਰੇ ਪੁੱਛਗਿਆ ਗਿਆ ਤਾਂ ਉਨ੍ਹਾਂ ਅਜਿਹਾ ਮਾਮਲਾ ਕੋਈ ਧਿਆਨ ‘ਚ ਨਾ ਹੋਣ ਦੀ ਗੱਲ ਕਹੀ।