ਪੰਜਾਬ ਕਿਸਾਨ ਯੂਨੀਅਨ ਵੱਲੋਂ 16 ਨੂੰ ਡੀਸੀ ਦਫ਼ਤਰ ਅੱਗੇ ਧਰਨਾ
ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ
Publish Date: Fri, 02 Jan 2026 05:15 PM (IST)
Updated Date: Sat, 03 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜ਼ੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਤੇ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਲੋਕ-ਵਿਰੋਧੀ, ਮਜ਼ਦੂਰ-ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਆਰਥਿਕ ਤਬਾਹੀ ਦੇ ਕਿਨਾਰੇ ਲਿਆ ਖੜ੍ਹਾ ਕੀਤਾ ਹੈ। ਮਹਿੰਗਾਈ, ਬੇਰੋਜ਼ਗਾਰੀ ਅਤੇ ਸਰਕਾਰੀ ਲੁੱਟ, ਖੁੱਲ੍ਹੀ ਲੁੱਟ ਵਿੱਚ ਤਬਦੀਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ 2025, ਬੀਜ ਬਿੱਲ ਅਤੇ ਮਜ਼ਦੂਰ ਕਾਨੂੰਨਾਂ ’ਚ ਕੀਤੀਆਂ ਤਬਦੀਲੀਆਂ ਸਿੱਧਾ-ਸਿੱਧਾ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਰਗ ‘ਤੇ ਹਮਲਾ ਹਨ। ਮਨਰੇਗਾ ਵਰਗੀਆਂ ਲੋਕ - ਭਲਾਈ ਸਕੀਮਾਂ ਨੂੰ ਖੋਖਲਾ ਕਰਨਾ ਸਾਫ਼ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਆਮ ਲੋਕਾਂ ਦੀ ਨਹੀਂ, ਸਗੋਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਐੱਸਕੇਐੱਮ ਦੇ ਸੱਦੇ ਤਹਿਤ ਸਾਂਝੇ ਬਣੇ ਪਲੇਟਫ਼ਾਰਮ ਤੋਂ ਕਿਸਾਨ, ਮਜ਼ਦੂਰ, ਮੁਲਾਜ਼ਮ 16 ਜਨਵਰੀ ਨੂੰ ਦੇਸ਼ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵਿਸ਼ਾਲ ਅਤੇ ਫ਼ੈਸਲਾਕੁਨ ਧਰਨੇ ਦੇਣਗੇ। ਪੰਜਾਬ ਕਿਸਾਨ ਯੂਨੀਅਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ। ਇਸ ਸਮੇਂ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ, ਭੋਲਾ ਸਿੰਘ ਸਮਾਓ, ਬਲਵੀਰ ਸਿੰਘ ਜਲੂਰ, ਗੁਰਜੀਤ ਸਿੰਘ ਘੁੰਮਣ ਕਲਾਂ ਬਠਿੰਡਾ, ਸਵਰਨ ਸਿੰਘ ਸੰਗਰੂਰ, ਜਰਨੈਲ ਸਿੰਘ ਰੋੜਾਵਾਲਾ ਮੁਕਤਸਰ, ਮੱਖਣ ਸਿੰਘ ਜੱਸੜ ਫਰੀਦਕੋਟ, ਗੁਰਜੀਤ ਸਿੰਘ ਜੈਤੋ, ਰਾਮਫਲ ਚੱਕ ਅਲੀਸੇ਼ਰ, ਅਜਮੇਰ ਸਿੰਘ ਬੜਿੰਗ ਲੁਧਿਆਣਾ ਅਤੇ ਕਰਨੈਲ ਸਿੰਘ ਮਾਨਸਾ ਹਾਜ਼ਰ ਸਨ।