ਸਿੱਖਿਆ ਮੰਤਰੀ ਨੇ ਸਕੂਲ ਆਫ਼ ਐਮੀਨੇਂਸ ਦਾ ਕੀਤਾ ਦੌਰਾ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
Publish Date: Thu, 26 Feb 2026 05:23 PM (IST)
Updated Date: Thu, 26 Feb 2026 05:25 PM (IST)

- ਸਿੱਖਿਆ ਮੰਤਰੀ ਸਕੂਲ ਕੋਲ ਲੱਗੇ ਕੂੜੇ ਦੇ ਢੇਰ ਦੇਖ ਹੋਏ ਨਾਰਾਜ਼, ਨਗਰ ਕੌਂਸਲ ਨੂੰ ਦਿੱਤੇ ਤੁਰੰਤ ਕੂੜਾ ਡੰਪ ਹਟਾਉਣ ਦੇ ਹੁਕਮ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਨਸਾ ਸਥਿਤ ਸਕੂਲ ਆਫ਼ ਐਮੀਨੈਂਸ ਦਾ ਅਚਾਨਕ ਦੌਰਾ ਕੀਤਾ। ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਵੀ ਉਨ੍ਹਾਂ ਨਾਲ ਮੌਜੂਦ ਸਨ। ਸਿੱਖਿਆ ਮੰਤਰੀ ਵੱਲੋਂ ਸਕੂਲ ਨਜ਼ਦੀਕ ਬਣ ਰਹੀ ਨਵੀਂ ਬਿਲਡਿੰਗ ਦਾ ਨਿਰੀਖਣ ਕੀਤਾ। ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਵੀ ਆਪਣੀ ਇਹ ਵੀਡੀਓ ਸਾਂਝੀ ਕੀਤੀ ਹੈ। ਸਕੂਲ ਵਿੱਚ ਕੁੱਝ ਬੱਚੇ ਟੀਨਸ਼ੈੱਡ ਹੇਠਾਂ ਪੜ੍ਹਾਈ ਕਰਦੇ ਮਿਲੇ। ਇਸ ’ਤੇ ਮੰਤਰੀ ਨੇ ਉਨ੍ਹਾਂ ਕੋਲੋਂ ਮਾਫ਼ੀ ਮੰਗੀ ਅਤੇ ਵਿਸ਼ਵਾਸ ਦਿੱਤਾ ਕਿ ਅਗਲੇ ਇੱਕ ਮਹੀਨੇ ਵਿੱਚ ਉਨ੍ਹਾਂ ਨੂੰ ਨਵੀਂ ਅਤੇ ਆਧੁਨਿਕ ਸਹੂਲਤਾਂ ਨਾਲ ਲੈੱਸ ਸ਼ਾਨਦਾਰ ਸਕੂਲ ਬਿਲਡਿੰਗ ਮਿਲੇਗੀ, ਜਿੱਥੇ ਉਹ ਬਿਹਤਰ ਮਾਹੌਲ ’ਚ ਪੜ੍ਹਾਈ ਕਰ ਸਕਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਗਾਤਾਰ ਸੂਬੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਰਹੇ ਹਨ। ਇਸ ਕੜੀ ’ਚ ਉਨ੍ਹਾਂ ਨੇ ਮਾਨਸਾ ਸ਼ਹਿਰ ਦੇ ਸਕੂਲ ਆਫ਼ ਐਮੀਨੈਂਸ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਪੜ੍ਹਾਈ ਦੇ ਨਾਲ ਸਬੰਧਿਤ ਸਵਾਲ ਜਵਾਬ ਵੀ ਕੀਤੇ। ਉਨ੍ਹਾਂ ਦੀ ਤਿਆਰੀ ’ਤੇ ਸੰਤੁਸ਼ਟੀ ਜਤਾਉਂਦੇ ਹੋਏ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਨੇ ਨਿਰਮਾਣ ਅਧੀਨ ਬਿਲਡਿੰਗ ਦਾ ਜਾਇਜ਼ਾ ਲਿਆ ਅਤੇ ਸਕੂਲ ਪ੍ਰਬੰਧਨ ਨਾਲ ਹੋਰ ਸਹੂਲਤਾਂ ਨੂੰ ਲੈ ਕੇ ਵੀ ਚਰਚਾ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਕੋਲ ਬਣੇ ਕੂੜਾ ਡੰਪ ਨੂੰ ਲੈ ਕੇ ਨਰਾਜ਼ਗੀ ਪ੍ਰਗਟਾਈ। ਉਨ੍ਹਾਂ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਅਤੇ ਹੋਰ ਅਧਿਕਾਰੀਆਂ ਨਾਲ ਕਿਹਾ ਕਿ ਸਕੂਲਾਂ ਨਜ਼ਦੀਕ ਇਸ ਤਰ੍ਹਾਂ ਦੇ ਕੂੜੇ ਦੇ ਡੰਪ ਨਹੀਂ ਹੋਣੇ ਚਾਹੀਦੇ। ਅਜਿਹੀ ਗੰਦਗੀ ਨੂੰ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਉਨ੍ਹਾਂ ਹੀ ਪਵਿੱਤਰ ਹੈ, ਜਿਨ੍ਹਾਂ ਗੁਰਦੁਆਰਾ ਸਾਹਿਬ ਅਤੇ ਮੰਦਰ ਹੈ। ਇੱਥੋਂ ਵਿੱਦਿਆ ਮਿਲਦੀ ਹੈ। ਗੁਰਦੁਆਰਾ ਅਤੇ ਮੰਦਰ ਕੋਲ ਜਿਸ ਤਰ੍ਹਾਂ ਕੋਈ ਕੂੜਾ ਘਰ ਬਣਨਾ ਚੰਗਾ ਨਹੀਂ, ਇਸੇ ਤਰ੍ਹਾਂ ਸਕੂਲ ਵਿੱਦਿਆ ਮੰਦਰ ਹੈ ਅਤੇ ਇਸ ਨਜ਼ਦੀਕ ਵੀ ਕੂੜੇ ਦੇ ਢੇਰ ਨਹੀਂ ਲੱਗਣੇ ਚਾਹੀਦੇ। ਇਸ ਨੂੰ ਪ੍ਰਸਤਾਵ ਪਾ ਕੇ ਜਲਦ ਹਟਾਇਆ ਜਾਵੇ ਤਾਂ ਜੋ ਇੱਥੇ ਪੜ੍ਹਨ ਆਉਂਦੇ ਬੱਚਿਆਂ ਨੂੰ ਕੋਈ ਵੀ ਦਿੱਕਤ ਨਾ ਆਵੇ।