ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨਾਲ ਪੰਜਾਬ ਭਾਜਪਾ ਨੂੰ ਮਿਲੇਗੀ ਨਵੀਂ ਦਿਸ਼ਾ : ਹਰਮੰਦਰ ਸਿੰਘ
ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਇੱਕ ਨਵਾਂ
Publish Date: Sun, 31 May 2026 05:31 PM (IST)
Updated Date: Mon, 01 Jun 2026 04:08 AM (IST)

ਧਰਮਪਾਲ, ਪੰਜਾਬੀ ਜਾਗਰਣ, ਸੰਗਤ ਮੰਡੀ : ਪੰਜਾਬ ਦੀ ਸਿਆਸਤ ਵਿੱਚ ਉਸ ਸਮੇਂ ਇੱਕ ਨਵਾਂ ਅਧਿਆਇ ਜੁੜ ਗਿਆ, ਜਦ ਭਾਜਪਾ ਨੇ ਆਪਣੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦੀ ਕਮਾਨ ਸੌਂਪਦਿਆਂ ਸੂਬਾ ਪ੍ਰਧਾਨ ਨਿਯੁਕਤ ਕੀਤਾ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸੂਬੇ ਭਰ ਤੋਂ ਵਧਾਈ ਸੰਦੇਸ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਪੰਜਾਬ ਦੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਕੇਵਲ ਸਿੰਘ ਢਿੱਲੋਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਦਿਲੋਂ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਪੰਜਾਬ ਅਤੇ ਖ਼ਾਸ ਕਰਕੇ ਮਾਲਵਾ ਖੇਤਰ ਦੇ ਵਿਕਾਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਮੰਦਰ ਸਿੰਘ ਜੱਸੀ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਇੱਕ ਸੂਝਵਾਨ, ਤਜਰਬੇਕਾਰ ਅਤੇ ਲੋਕਾਂ ਨਾਲ ਸਿੱਧਾ ਜੁੜੇ ਹੋਏ ਆਗੂ ਹਨ। ਉਹ ਲੰਮੇ ਸਮੇਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸਮਝਦੇ ਆ ਰਹੇ ਹਨ ਅਤੇ ਜਨਤਕ ਮੁੱਦਿਆਂ ਦੇ ਹੱਲ ਲਈ ਹਮੇਸ਼ਾ ਸਰਗਰਮ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਲਿਆ ਗਿਆ ਫ਼ੈਸਲਾ ਪੰਜਾਬ ਵਿੱਚ ਬੀਜੇਪੀ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਗਠਨ ਨੂੰ ਨਵੀਂ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਜੱਸੀ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਆਪਣੇ ਜਨ ਆਧਾਰ ਨੂੰ ਮਜ਼ਬੂਤ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਵਿੱਚ ਨੌਜਵਾਨਾਂ ਦਾ ਰੁਜ਼ਗਾਰ, ਕਿਸਾਨੀ ਸੰਕਟ, ਉਦਯੋਗਿਕ ਵਿਕਾਸ, ਨਸ਼ਿਆਂ ਦਾ ਮੁੱਦਾ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਸ਼ਾਮਲ ਹਨ। ਅਜਿਹੇ ਸਮੇਂ ਵਿਚ ਇਕ ਮਜ਼ਬੂਤ ਅਤੇ ਦੂਰਅੰਦੇਸ਼ ਲੀਡਰਸ਼ਿਪ ਦੀ ਲੋੜ ਸੀ, ਜੋ ਕੇਵਲ ਸਿੰਘ ਢਿੱਲੋਂ ਦੇ ਰੂਪ ਵਿੱਚ ਪਾਰਟੀ ਨੂੰ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੇਵਲ ਸਿੰਘ ਢਿੱਲੋਂ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੇ ਬਠਿੰਡਾ ਹਲਕੇ ਤੇ ਮਾਲਵਾ ਖੇਤਰ ਨਾਲ ਜੁੜੇ ਕਈ ਅਹਿਮ ਮੁੱਦਿਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਉਨ੍ਹਾਂ ਬਠਿੰਡਾ ਖੇਤਰ ਵਿੱਚ ਪਾਣੀ ਦੀ ਸਮੱਸਿਆ, ਸੜਕਾਂ ਦੀ ਹਾਲਤ, ਸਿਹਤ ਸੇਵਾਵਾਂ, ਸਿੱਖਿਆ ਦੇ ਖੇਤਰ ਵਿੱਚ ਹੋਰ ਸੁਧਾਰ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਕਿਸਾਨੀ ਨਾਲ ਜੁੜੀਆਂ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜੱਸੀ ਨੇ ਉਮੀਦ ਜਤਾਈ ਕਿ ਨਵੇਂ ਸੂਬਾ ਪ੍ਰਧਾਨ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਬੰਧਿਤ ਪੱਧਰ ’ਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਗੇ। ਸਾਬਕਾ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਭਰੋਸਾ ਭਾਜਪਾ ਪ੍ਰਤੀ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਵਿਕਾਸ, ਪਾਰਦਰਸ਼ਤਾ ਅਤੇ ਜਵਾਬਦੇਹੀ ਵਾਲੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਪਾਰਟੀ ਦਾ ਆਧਾਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਹਰਮੰਦਰ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਾਰੀਆਂ ਸਿਆਸੀ ਧਿਰਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਕੇਵਲ ਸਿੰਘ ਢਿੱਲੋਂ ਆਪਣੇ ਤਜਰਬੇ ਅਤੇ ਸੰਗਠਨਾਤਮਕ ਯੋਗਤਾ ਦੇ ਬਲਬੂਤੇ ਪਾਰਟੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੇ ਅਤੇ ਪੰਜਾਬ ਦੀ ਰਾਜਨੀਤੀ ਵਿਚ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ। ਇਸ ਮੌਕੇ ਇਲਾਕੇ ਦੇ ਕਈ ਪਤਵੰਤੇ ਵਿਅਕਤੀਆਂ, ਸਮਾਜ-ਸੇਵੀਆਂ ਤੇ ਪਾਰਟੀ ਵਰਕਰਾਂ ਨੇ ਵੀ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਇਸ ਨੂੰ ਪੰਜਾਬ ਭਾਜਪਾ ਲਈ ਇੱਕ ਸਕਾਰਾਤਮਕ ਅਤੇ ਦੂਰਗਾਮੀ ਫ਼ੈਸਲਾ ਕਰਾਰ ਦਿੱਤਾ। ਵਰਕਰਾਂ ਨੇ ਆਸ ਪ੍ਰਗਟਾਈ ਕਿ ਨਵੀਂ ਲੀਡਰਸ਼ਿਪ ਹੇਠ ਪਾਰਟੀ ਹੋਰ ਮਜ਼ਬੂਤੀ ਨਾਲ ਲੋਕਾਂ ਦੀ ਆਵਾਜ਼ ਬਣੇਗੀ ਤੇ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੁੱਲ੍ਹਣਗੇ।