12 ਦੀ ਹੜਤਾਲ ਸਬੰਧੀ ਜੱਥੇਬੰਦੀਆਂ ਨੇ ਕੀਤੀ ਤਿਆਰੀ
ਵਿਸ਼ਕਰਮਾ ਮੰਦਿਰ ਵਿਖੇ ਵੱਖ ਵੱਖ ਜਨਤਕ ਜੱਥੇਬੰਦੀਆਂ
Publish Date: Mon, 09 Feb 2026 06:21 PM (IST)
Updated Date: Tue, 10 Feb 2026 04:06 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ
ਭੀਖੀ : ਵਿਸ਼ਵਕਰਮਾ ਮੰਦਰ ’ਚ ਵੱਖ-ਵੱਖ ਜਨਤਕ ਜੱਥੇਬੰਦੀਆਂ ਦੀ ਮੀਟਿੰਗ ਹੋਈ। ਇਸ ਵਿੱਚ 12 ਫ਼ਰਵਰੀ ਦੀ ਦੇਸ਼ ਵਿਆਪੀ ਹੜਤਾਲ ਤੇ ਭੀਖੀ ਵਿਚ ਉਸ ਲਈ ਸਰਗਰਮੀ, ਤਿਆਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਾਗਾਤਾਰ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਲੁਟਾਉਣ ਤੇ ਲੱਗੀ ਹੋਈ ਹੈ। ਇਸ ਲਈ ਜਿੱਥੇ ਉਹ ਲੋਕਾਂ ਤੋਂ ਜੰਗਲਾਂ ਵਿੱਚ ਸਿਰ ਤੋਂ ਛੱਤ ਖੋਹ ਰਹੀ ਹੈ, ਉੱਥੇ ਹੀ ਦੇਸ਼ ਦੇ ਸਾਰੇ ਜਨਤਕ ਅਦਾਰੇ ਉਨ੍ਹਾਂ ਨੂੰ ਪਰੋਸਣ ਲੱਗੀ ਹੈ। ਦੇਸ਼ ਕਿਰਤੀ ਲੋਕਾਂ ਦੇ ਕੰਮ ਦੇ ਹੱਕ ਨੂੰ ਖ਼ਤਮ ਕਰਕੇ 4 ਲੇਬਰ ਕੋਡਾਂ ਰਾਹੀਂ ਸਨਅਤਕਾਰਾਂ ਦੇ ਗੁਲਾਮ ਬਣਾ ਰਹੀ ਹੈ। ਖੇਤੀ ਤੇ ਕਾਰਪੋਰੇਟ ਦੀ ਅਜਾਰੇਦਾਰੀ ਕਾਇਮ ਕਰਵਾਉਣ ਲਈ ਤਰਲੋਮਛੀ ਹੋ ਰਹੀ ਹੈ। ਵੱਖ-ਵੱਖ ਢੰਗਾਂ ਰਾਹੀਂ ਹਰ ਚੀਜ਼ ਤੇ ਕਬਜ਼ਾ ਕਰਨ ਲਈ ਯਤਨ ਹੋ ਰਹੇ ਨੇ। ਇਸ ਖਿਲਾਫ਼ ਸਭ ਨੂੰ ਮਿਲ ਕੇ ਲੜਾਈ ਤੇਜ਼ ਕਰਨ ਦੀ ਲੋੜ ਹੈ। ਨਵਾਂ ਬਦਲ ਮਜ਼ਬੂਤ ਕਰਨ ਦੀ ਲੋੜ ਹੈ।
ਮੀਟਿੰਗ ਵਿੱਚ ਰੂਪ ਸਿੰਘ, ਕੁੱਲ੍ਹ ਹਿੰਦ ਕਿਸਾਨ ਯੂਨੀਅਨ, ਗੁਰਨਾਮ ਸਿੰਘ ਪੰਜਾਬ ਕਿਸਾਨ ਯੂਨੀਅਨ, ਮੱਘਰ ਸਿੰਘ ਕਿਸਾਨ ਯੂਨੀਅਨ ਕਾਦੀਆਂ, ਜਸਪਾਲ ਸਿੰਘ, ਸੱਤਪਾਲ ਸਿੰਘ ਫ਼ਰਵਾਹੀ ਟੈਕਨੀਕਲ ਸਰਵਿਸਿਜ਼ ਯੂਨੀਅਨ, ਸੰਦੀਪ ਸਿੰਘ ਬੋੜਾਵਾਲ ਇੰਪਲਾਈਜ ਫੈਡਰੇਸ਼ਨ, ਕਰਨੈਲ ਸਿੰਘ ਏਟਕ, ਦਿਨੇਸ਼ ਸੋਨੀ ਮਜਦੂਰ ਮੁਕਤੀ ਮੋਰਚਾ, ਗੁਲਾਬ ਸਿੰਘ ਏਕਟੂ, ਭੂਰਾ ਸਿੰਘ ਸਮਾਓ ਮੋਟਰ ਸਾਈਕਲ ਰੇਹੜੀ ਯੂਨੀਅਨ, ਰਘੁਵੀਰ ਸਿੰਘ ਰੇਹੜੀ ਯੂਨੀਅਨ, ਧਰਮ ਪਾਲ ਨੀਟਾ ਆਦਿ ਨੇ 12 ਤਾਰੀਖ ਨੂੰ ਬਲਾਕ ਦਫ਼ਤਰ ਤੋਂ ਭੀਖੀ ਸ਼ਹਿਰ ਤੱਕ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ। ਆਗੁਆਂ ਨੇ ਸਾਰੀਆਂ ਕਿਸਾਨ, ਮਜਦੂਰ, ਮੁਲਾਜ਼ਮ, ਵੱਖ ਵੱਖ ਕਾਰੋਬਾਰੀ ਜੱਥੇਬੰਦੀਆਂ ਨੂੰ ਹੜਤਾਲ ਨੂੰ ਸਫਲ ਕਰਨ ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਬਾਅਦ ਵਿੱਚ ਮਾਨਸਾ ਤਹਿਸੀਲ ਪ੍ਰੋਗਰਾਮ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ।