ਪੁਲਿਸ ਪ੍ਰਸ਼ਾਸਨ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ
ਡੇਰਾ ਬਾਬਾ ਮਸਤ ਰਾਮ ਐਕਸ਼ਨ ਕਮੇਟੀ
Publish Date: Thu, 22 Jan 2026 06:19 PM (IST)
Updated Date: Thu, 22 Jan 2026 06:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡੇਰਾ ਬਾਬਾ ਮਸਤ ਰਾਮ ਐਕਸ਼ਨ ਕਮੇਟੀ ਅਤੇ ਜਨਤਕ ਜਥੇਬੰਦੀਆਂ ਦੀ ਪਿੰਡ ਰੱਲਾ ਦੇ ਵਿਅਕਤੀਆਂ ’ਤੇ ਕੀਤੇ ਝੂਠੇ ਇਰਾਦਾ ਕਤਲ ਦੇ ਪਰਚਿਆਂ ਨੂੰ ਰੱਦ ਕਰਵਾਉਣ ਸਬੰਧੀ ਸਾਂਝੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਐਕਸ਼ਨ ਕਮੇਟੀ ਦੇ ਪ੍ਰਧਾਨ ਸੌਦਾਗਰ ਸਿੰਘ ਰੱਲਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਿੰਡ ਰੱਲਾ ਦੇ ਵਿਅਕਤੀਆਂ ਦੇ ਪਾਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਲਗਾਤਾਰ ਨੌਵੇਂ ਦਿਨ ਦੇ ਸੰਘਰਸ਼ ਦੇ ਰਿਵਿਊ ਅਤੇ ਅਗਲੇ ਐਕਸ਼ਨ ਦੀ ਤਿਆਰੀ ਵਜੋਂ ਕੀਤੀ ਗਈ। ਜ਼ਿਕਰਯੋਗ ਹੈ ਕਿ ਡੇਰਾ ਐਕਸ਼ਨ ਕਮੇਟੀ ਵੱਲੋਂ ਥਾਣਾ ਜੋਗਾ ਦੇ ਅੱਗੇ 14 ਜਨਵਰੀ ਤੋਂ ਧਰਨਾ ਚੱਲ ਰਿਹਾ ਹੈ। ਪਿਛਲੇ ਦਿਨਾਂ ਵਿੱਚ ਬਰਨਾਲਾ-ਮਾਨਸਾ ਮੁੱਖ ਮਾਰਗ ਦੇ ਜਾਮ ਦੇ ਐਕਸ਼ਨ ਕਮੇਟੀ ਦੇ ਸੱਦੇ ਤੋਂ ਹਰਕਤ ਵਿੱਚ ਆਏ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਰਚਿਆਂ ਨੂੰ 21 ਜਨਵਰੀ ਤਕ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਆਪਣੀ ਵਾਅਦਾ ਖ਼ਿਲਾਫ਼ੀ ਦੀ ਪਿਰਤ ਨੂੰ ਅੱਗੇ ਤੋਰਦਿਆਂ ਫ਼ਿਰ ਪਰਚਿਆਂ ਨੂੰ ਰੱਦ ਕਰਨ ’ਚ ਆਨਾ ਕੀਤੀ ਜਾ ਰਹੀ ਹੈ। ਜਿਸ ਦੇ ਵਿਰੋਧ ਵਜੋਂ ਐਕਸ਼ਨ ਕਮੇਟੀ ਵੱਲੋਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ ਉੱਤੇ ਸਵਾਲ ਖੜ੍ਹੇ ਕਰਦਿਆਂ ਗਣਤੰਤਰ ਦਿਵਸ ਮੌਕੇ ਇਸ ਸਿਸਟਮ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਲੋਕ ਆਵਾਜ਼ ਨੂੰ ਦੱਬਣ ਦਾ ਜ਼ਾਹਿਰ ਹੋ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ’ਤੇ ਫ਼ੌਰੀ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ। ਉਨ੍ਹਾਂ ਕਿਹਾ ਕਿ ਡੇਰਾ ਐਕਸ਼ਨ ਕਮੇਟੀ ਵੱਲੋਂ ਮਜਬੂਰਨ ਵਾਰ-ਵਾਰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਵਾਅਦਾ ਖ਼ਿਲਾਫ਼ੀ ਨੂੰ ਦੇਖਦਿਆਂ ਗਣਤੰਤਰ ਦਿਵਸ ਮੌਕੇ ਆ ਰਹੇ ਮਹਿਮਾਨ ਦਾ ਮਜਬੂਰ ਹੋ ਕੇ ਵਿਰੋਧ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਥਾਣਾ ਜੋਗਾ ਅੱਗੇ ਚੱਲ ਰਿਹਾ ਮੋਰਚਾ ਜਿਉਂ ਦਾ ਤਿਉਂ ਮੱਘਦਾ ਰਹੇਗਾ। ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਤਰਸੇਮ ਸਿੰਘ ਸੇਮਾ, ਨਿਰਮਲ ਸਿੰਘ ਅਤੇ ਭਾਕਿਯੂ ਏਕਤਾ ਡਕੌਂਦਾ ਦੇ ਮੱਖਣ ਸਿੰਘ ਭੈਣੀ ਬਾਘਾ, ਲਖਵੀਰ ਸਿੰਘ ਅਕਲੀਆ, ਗੁਰਜੀਤ ਸਿੰਘ, ਗੁਰਦੇਵ ਸਿੰਘ ਬਰਾੜ, ਹਰਦੀਪ ਸਿੰਘ, ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੁਲਵੰਤ ਸਿੰਘ, ਯੁਗਰਾਜ ਸਿੰਘ ਆਦਿ ਮੌਜੂਦ ਸਨ।