ਨਰਿੰਦਰਪੁਰਾ ਪੁਲਿਸ ਚੌਕੀ ਅੱਗੇ ਲਗਾਇਆ ਧਰਨਾ
ਨਰਿੰਦਰਪੁਰਾ ਪੁਲਿਸ ਚੌਂਕੀ ਅੱਗੇ ਦੂਜੇ ਦਿਨ ਵੀ
Publish Date: Mon, 09 Mar 2026 05:57 PM (IST)
Updated Date: Tue, 10 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਰਿੰਦਰਪੁਰਾ ਪੁਲਿਸ ਚੌਕੀ ਅੱਗੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਪਿਛਲੇ ਦਿਨ੍ਹੀਂ ਪਿੰਡ ਹਸਨਪੁਰ ਦਾ ਨੌਜਵਾਨ ਦਵਿੰਦਰ ਸਿੰਘ ਖੁਦਕੁਸ਼ੀ ਕਰ ਗਿਆ। ਇਸ ਦੌਰਾਨ ਉਹ ਇਕ ਸੁਸਾਇਡ ਨੋਟ ਵੀ ਛੱਡ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪਰ ਪੁਲਿਸ ਵੱਲੋਂ ਅਜੇ ਤੱਕ ਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਹੋਰਨਾਂ ਬਾਰੇ ਟਾਲਮਟੋਲ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ਵਜੋਂ ਪਿੰਡ ਹਸਨਪੁਰ ਦੀਆਂ ਔਰਤਾਂ ਸਮੇਤ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਤਾਰਾ ਚੰਦ ਬਰੇਟਾ, ਸੱਤਪਾਲ ਵਰ੍ਹੇ, ਦੇਵੀਰਾਮ ਰੰਘੜਿਆਲ, ਤੇਜਰਾਮ ਅਹਿਮਦਪੁਰ, ਬੀਕੇਯੂ ਏਕਤਾ ਉਗਰਾਹਾਂ ਦੇ ਅਮਨਜੀਤ ਸਿੰਘ ਜੀਤੀ ਤੇ ਬੂਟਾ ਸਿੰਘ ਗੁਰਨੇ ਖੁਰਦ, ਪੰਜਾਬ ਕਿਸਾਨ ਯੂਨੀਅਨ ਦੇ ਜਗਸੀਰ ਸਿੰਘ ਤੇ ਪਿੰਡ ਦੀ ਐਕਸ਼ਨ ਕਮੇਟੀ ਹਸਨਪੁਰ ਦੇ ਜਗਦੀਸ਼ ਸਿੰਘ, ਅਮਰਿੰਦਰ ਸਿੰਘ, ਪਵਨ ਸਿੰਘ, ਮੱਖਣ ਸਿੰਘ ਆਦਿ ਹਾਜ਼ਰ ਸਨ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਰਹਿੰਦੇ ਮੁਲਜ਼ਮਾਂ ਨੂੰ ਪੁਲਿਸ ਨੇ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ 11 ਮਾਰਚ ਨੂੰ ਭੀਖੀ ਰੋਡ ਤੇ ਗੁਰਨੇ ਖੁਰਦ ਬਿਆਸ ਡੇਰੇ ਕੋਲ ਸੜਕ ਜਾਮ ਕੀਤਾ ਜਾਵੇਗਾ ਤੇ ਚੌਂਕੀ ਅੱਗੇ ਧਰਨਾ ਜਾਰੀ ਰਹੇਗਾ। ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੁਲਿਸ ਦੀ ਹੋਵੇਗੀ।