ਗਲੀ ’ਤੇ ਕਬਜ਼ੇ ਨੂੰ ਲੈ ਕੇ ਥਾਣੇ ਅੱਗੇ ਲਾਇਆ ਧਰਨਾ
ਸਰਦੂਲਗੜਹ ਦੇ ਪਿੰਡ ਰੋੜਕੀ ਦੇ ਕੁਝ ਲੋਕਾਂ
Publish Date: Sat, 28 Feb 2026 07:14 PM (IST)
Updated Date: Sun, 01 Mar 2026 04:11 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਪਿੰਡ ਰੋੜਕੀ ਦੇ ਕੁਝ ਲੋਕਾਂ ਵੱਲੋਂ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਪੱਲਾ ਨੂੰ ਨਾਲ ਲੈਕੇ ਪਿੰਡ ਦੀ ਗਲੀ ’ਤੇ ਕਬਜ਼ਾ ਕਰਨ ਨੂੰ ਲੈਕੇ ਸਰਦੂਲਗੜ੍ਹ ਥਾਣੇ ਮੂਹਰੇ ਧਰਨਾ ਲਾ ਦਿੱਤਾ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਜਗਸੀਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੇ ਗਲੀ ’ਚ ਗੇਟ ਲਾ ਕੇ ਗਲੀ ਨੂੰ ਬੰਦ ਕਰ ਦਿੱਤਾ, ਜਿਸ ਨਾਲ ਗਲੀ ’ਚ ਰਹਿੰਦੇ ਘਰਾਂ ਦੀ ਆਵਾਜਾਈ ਵਿੱਚ ਵਿਘਨ ਪੈ ਗਿਆ। ਇਸ ਸਬੰਧੀ ਉਨ੍ਹਾਂ ਨੇ ਥਾਣਾ ਮੁਖੀ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਤਾਂ ਇਸ ਦੀ ਸ਼ਿਕਾਇਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਕੀਤੀ, ਜਿਸ ’ਤੇ ਕਾਰਵਾਈ ਕਰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੇ ਜੂਨੀਅਰ ਇੰਜੀਨੀਅਰ ਦੀ ਡਿਊਟੀ ਲਾ ਕੇ ਮੌਕਾ ਵੇਖਿਆ ਤੇ ਰਿਪੋਰਟ ਬਣਾਈ ਕੇ ਗਲੀ ਵਿੱਚ ਲੱਗਿਆ ਹੋਇਆ ਗੇਟ ਨਾਜਾਇਜ਼ ਕਬਜ਼ਾ ਹੈ ਤੇ ਇਸ ਸਬੰਧੀ ਥਾਣਾ ਸਰਦੂਲਗੜ੍ਹ ਦੇ ਮੁੱਖ ਅਫਸਰ ਨੂੰ ਪੱਤਰ ਜਾਰੀ ਕਰਕੇ ਲਿਖਿਆ ਕਿ ਇਸ ਨਜਾਇਜ਼ ਕਬਜ਼ੇ ਨੂੰ ਤੁਰੰਤ ਦੂਰ ਕਰਵਾਇਆ ਜਾਵੇ ਪਰ ਜਦੋਂ ਇਸ ਸਬੰਧੀ ਥਾਣਾ ਮੁਖੀ ਪੁਸ਼ਪਿੰਦਰ ਕੌਰ ਨੂੰ ਮਿਲੇ ਤਾਂ ਉਨ੍ਹਾਂ ਵੱਲੋਂ ਉਲਟਾ ਗਲੀ ’ਚ ਰਹਿੰਦੇ ਮਕਾਨ ਮਾਲਕ ਨੂੰ ਕਿਹਾ ਕਿ ਤੁਸੀਂ ਆਪਣੇ ਪਸ਼ੂ ਬਗੈਰਾ ਇੱਥੋਂ ਹਟਾ ਲਉ ਸਰਪੰਚ ਬਲਵਿੰਦਰ ਸਿੰਘ ਨੇ ਥਾਣਾ ਮੁਖੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਥਾਣਾ ਮੁਖੀ ਰਿਸ਼ਵਤ ਲੈ ਕੇ ਪਿੰਡਾਂ ਦੀਆਂ ਗਲੀਆਂ ਬੰਦ ਕਰਵਾਉਣ ਤੇ ਲੱਗੇ ਹੋਏ ਹੈ। ਸਰਪੰਚ ਅਨੁਸਾਰ ਇਹ ਸਭ ਪੁਲਿਸ ਦੀ ਅਣਗਹਿਲੀ ਕਾਰਨ ਹੀ ਹੋ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਘਰ ਨੂੰ ਰਸਤਾ ਨਾ ਹੋਣ ਕਾਰਨ ਜਿੱਥੇ ਪਸ਼ੂ ਭੁੱਖੇ ਮਰ ਰਹੇ ਹਨ ਉਥੇ ਹੀ ਮਕਾਨ ਮਾਲਕਾਂ ਨੂੰ ਵੀ ਆਉਣ ਜਾਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਜਦੋਂ ਥਾਣਾ ਮੁਖੀ ਪੁਸ਼ਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲਾਕੇ ’ਚ ਲਗਾਤਾਰ ਦੋ ਕਤਲ ਦੀਆਂ ਘਟਨਾਵਾਂ ਵਾਪਰਨ ਕਾਰਨ ਉਹ ਵਿਅਸਤ ਸਨ, ਜਿਸ ਕਾਰਨ ਕਾਰਵਾਈ ਕਰਨ ਵਿੱਚ ਦੇਰੀ ਹੋ ਗਈ। ਰਿਸ਼ਵਤ ਲੈਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸਭ ਬੇਬੁਨਿਆਦ ਹੈ।