‘ਮਹਿੰਗਾਈ ਰੋਕੋ ਰੁਜ਼ਗਾਰ ਦਿਉ’ ਤਹਿਤ ਡੀਸੀ ਦਫ਼ਤਰ ਖ਼ਿਲਾਫ਼ ਨਾਅਰੇਬਾਜ਼ੀ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ
Publish Date: Mon, 01 Jun 2026 07:04 PM (IST)
Updated Date: Tue, 02 Jun 2026 04:07 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਲਈ ਫ਼ੰਡ ਜਾਰੀ ਨਾ ਕਰਨ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ‘ਮਹਿੰਗਾਈ ਰੋਕੋ ਰੁਜ਼ਗਾਰ ਦਿਓ’ ਨਾਅਰੇ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਪਿੰਡਾਂ ਅੰਦਰ ‘ਮਹਿੰਗਾਈ ਰੋਕੋ ਰੁਜ਼ਗਾਰ ਦਿਓ’ ਨਾਅਰੇ ਹੇਠ ਲਗਾਤਾਰ ਪਿੰਡਾਂ ਅੰਦਰ ਲਾਮਬੰਦੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਕੇਂਦਰ ਸਰਕਾਰ ਅਡਾਨੀ, ਅਡਾਨੀ ਦੇ ਮੁਨਾਫ਼ੇ ਨੂੰ ਵਧਾਉਣ ਲਈ ਪੈਟਰੋਲ, ਡੀਜ਼ਲ, ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਗਰੀਬ ਲੋਕਾਂ ਦਾ ਜਿਊਣਾ ਦੁੱਭਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਤੋਂ ਰੁਜ਼ਗਾਰ ਖੋਹ ਕੇ ਮਹਿੰਗਾਈ ਦੇ ਖੂਹ ਵਿੱਚ ਸੁੱਟ ਰਹੀਆਂ ਹਨ। ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਤਾਂ ਦੂਰ 30 ਕਰੋੜ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਗੂਰੂ ਮੋਦੀ ਦੇ ਰਾਜ ਵਿੱਚ ਆਮ ਜਨਤਾ ਬੇਰੁਜ਼ਗਾਰੀ, ਕਰਜ਼ਿਆਂ ਦੇ ਜਾਲ ਵਿੱਚ ਫ਼ਸ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋ ਰਹੇ ਹਨ। ਪੰਜਾਬ ਦੀ ‘ਆਪ’ ਦੀ ਸਰਕਾਰ ਨੇ ਮਜ਼ਦੂਰਾਂ, ਕਿਸਾਨਾਂ, ਕੱਚੇ ਕਾਮਿਆਂ ਦੀ ਭਲਾਈ ਲਈ ਕੰਮ ਕਰਨ ਦੀ ਥਾਂ ਫ਼ੋਕੀਆਂ ਮਸ਼ਹੂਰੀਆਂ ਤੋਂ ਅਰਬਾਂ ਰੁਪਏ ਖਰਚ ਖਜ਼ਾਨਾ ਖਾਲੀ ਕਰਨ ਦਾ ਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦਾਂ ਠੇਕੇਦਾਰੀ ਪ੍ਰਬੰਧ ਖ਼ਤਮ ਕਰਨ ਦਾ ਐਲਾਨ ਮਸ਼ਹੂਰੀਆਂ ਦੇ ਬੋਰਡ ਲਗਾਉਣ ਤੱਕ ਹੀ ਸੀਮਿਤ ਰਹੇਗਾ। ਠੇਕੇਦਾਰੀ ਪ੍ਰਬੰਧ ਤਹਿਤ ਸਰਕਾਰੀ ਦਫ਼ਤਰਾਂ ਅੰਦਰ ਨੌਜਵਾਨਾਂ ਦੀ ਕਿਰਤ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲਗਾਤਾਰ ਵੱਧ ਰਹੀ ਮਹਿੰਗਾਈ ਕਰਨ ਗਰੀਬ ਲੋਕਾਂ ਤੋਂ ਦੋ ਸਮੇਂ ਦੀ ਰੋਟੀ ਵੀ ਦੂਰ ਹੋ ਰਹੀ ਹੈ। ਪੰਜਾਬ ਦਾਂ ਮੁੱਖ ਮੰਤਰੀ ਭਗਵੰਤ ਮਾਨ ਮਜ਼ਦੂਰਾਂ ਦਾਂ ਰੁਜ਼ਗਾਰ ਦਾ ਖ਼ਤਮ ਕਰਕੇ ਵੋਟਾਂ ਲਈ ਰਾਸ਼ਨ ਕਿੱਟਾਂ ਤਿਆਰ ਕਰ ਰਿਹਾ ਹੈ। ‘ਆਪ’ ਦੀ ਸਰਕਾਰ ਦਾਂ ਔਰਤਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਦਾ ਐਲਾਨ ਦੂਜੀ ਵਾਰ ਝੂਠਾ ਸਾਬਤ ਹੋਇਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਤਰਸੇਮ ਸਿੰਘ ਖਾਲਸਾ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਅਮਨਦੀਪ ਕੌਰ, ਭੋਲ਼ਾ ਸਿੰਘ ਝੱਬਰ, ਗੁਲਾਬ ਸਿੰਘ ਖੀਵਾ, ਬੰਟੀ ਸਿੰਘ ਝੱਬਰ, ਸੁਖਵੀਰ ਸਿੰਘ ਖ਼ਾਰਾਂ ਜੱਗਾਂ ਸਿੰਘ ਉੱਭਾ, ਵੀ ਮੌਜੂਦ ਸਨ।