ਵਕੀਲਾਂ ਵੱਲੋਂ ਕੁਰਸੀਨਾਮਾ ਤਸਦੀਕ ਕਰਨ ਸਬੰਧੀ ਨੰਬਰਦਾਰਾਂ ’ਚ ਰੋਸ
ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਆਪਣੀਆਂ
Publish Date: Tue, 03 Feb 2026 07:24 PM (IST)
Updated Date: Wed, 04 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਤਹਿਸੀਲ ਦੇ ਵਿਹੜੇ ’ਚ ਜ਼ਿਲ੍ਹਾ ਪ੍ਰਧਾਨ ਅਮ੍ਰਿਤਪਾਲ ਸਿੰਘ ਗੁਰਨੇ ਕਲਾਂ ਦੀ ਅਗਵਾਈ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਤਬਦੀਲ ਮਲੀਅਕਤਾਂ ਵਿੱਚ ਨੰਬਰਦਾਰ ਦੀ ਜਗ੍ਹਾ ਤੇ ਵਕੀਲਾਂ ਵੱਲੋਂ ਤਸਦੀਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨੰਬਰਦਾਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਂਡ ਰੈਵਨਿਊ ਐਕਟ 1887 ਲੈਂਡ ਰੈਵਨਿਊ ਮੁਤਾਬਿਕ ਉਸੇ ਪਿੰਡ ਵਿੱਚ ਪੱਤੀ ਦਾ ਨੰਬਰਦਾਰ ਹੀ ਤਬਦੀਲ ਮਲਕੀਅਤ ਵਿਚ ਕੁਰਸੀਨਾਮੇ ਨੂੰ ਤਸਦੀਕ ਕਰ ਸਕਦਾ ਹੈ, ਪ੍ਰੰਤੂ ਵਕੀਲ ਵੱਲੋਂ ਤਸਦੀਕ ਕਰਕੇ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਨੂੰ ਨੰਬਰਦਾਰ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ। ਇਸ ਬਾਰੇ ਅੱਜ ਐੱਸਡੀਐੱਮ ਬੁਢਲਾਡਾ ਤੇ ਤਹਿਸੀਲਦਾਰ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਗੁਰਬਰਨ ਸਿੰਘ ਕੁਲਾਣਾ, ਬਿੱਕਰ ਸਿੰਘ ਹਸਨਪੁਰ, ਲਾਭ ਸਿੰਘ ਗੁਰਨੇ, ਰਜਿੰਦਰ ਸਿੰਘ ਲੱਖੀਵਾਲ, ਰਘੂਵੀਰ ਸਿੰਘ ਤਾਲਬਵਾਲਾ, ਗੁਰਤੇਜ ਸਿੰਘ ਦੌਦੜਾ ਤੋਂ ਇਲਾਵਾ ਵੱਡੀ ਗਿਣਤੀ ਨੰਬਰਦਾਰ ਹਾਜ਼ਰ ਸਨ।