-22 ਫ਼ਰਵਰੀ ਨੂੰ ਅਧਿਆਪਕ ਜੱਥੇਬੰਦੀਆਂ ਸਿੱਖਿਆ ਮੰਤਰੀ ਦੇ ਹਲਕੇ ’ਚ ਕਰਨਗੇ ਰੈਲੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ’ਤੇ ਨੌਕਰੀ ਵਿਚ ਬਣੇ ਰਹਿਣ ਅਤੇ ਪ੍ਰਮੋਸ਼ਨਾਂ ਲਈ ਟੈੱਟ ਦੀ ਸ਼ਰਤ ਲਾਜ਼ਮੀ ਕਰਨ ਦਾ ਪੱਤਰ ਜਾਰੀ ਕਰਨ ਖ਼ਿਲਾਫ਼ ਜਾਰੀ ਕੀਤੇ ਗਏ ਪੱਤਰ ਦੀਆਂ ਕਾਪੀਆਂ ਸਾੜ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਜੀਟੀਯੂ ਦੇ ਨਰਿੰਦਰ ਮਾਖਾ, ਡੀਟੀਐਫ਼ (ਵਿਕਰਮ ਦੇਵ) ਦੇ ਅਮੋਲਕ ਡੇਲੂਆਣਾ, ਡੀਟੀਐੱਫ (ਦਿਗ ਵਿਜੇਪਾਲ) ਦੇ ਕਰਮਜੀਤ ਤਾਮਕੋਟ, ਬੀ ਐੱਡ ਫ਼ਰੰਟ ਦੇ ਦਰਸ਼ਨ ਅਲੀਸ਼ੇਰ ਨੇ ਇਕੱਠੇ ਹੋਏ ਅਧਿਆਪਕਾਂ ਦੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ‘ਤੇ ਜ਼ਬਰੀ ਥੋਪੇ ਟੀਈਟੀ ਨੇ ਪਿਛਲੇ 25-30 ਸਾਲਾਂ ਤੋਂ ਨੌਕਰੀਆਂ ਕਰ ਰਹੇ ਅਧਿਆਪਕਾਂ ਦੇ ਰੁਜ਼ਗਾਰ ਉੱਪਰ ਕੁਹਾੜਾ ਚਲਾਉਣ ਦਾ ਕੰਮ ਕੀਤਾ ਹੈ, ਜਿਸ ਨੂੰ ਪੰਜਾਬ ਦੇ ਸਮੁੱਚੇ ਅਧਿਆਪਕ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ। ਅਧਿਆਪਕ ਆਗੂਆਂ ਹਰਜਿੰਦਰ ਅਨੂਪਗੜ੍ਹ, ਹੰਸਾ ਸਿੰਘ ਡੇਲੂਆਣਾ, ਲਖਵਿੰਦਰ ਮਾਨ ਅਤੇ ਗੁਰਜੀਤ ਰੜ੍ਹ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦਾ ਬਹਾਨਾ ਬਣਾ ਕੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਦੇ ਹੱਕਾਂ ‘ਤੇ ਟੀਈਟੀ ਦੀ ਸ਼ਰਤ ਮੜ੍ਹ ਕੇ ਉਨ੍ਹਾਂ ਦੁਆਰਾ ਲੰਬੇ ਸੰਘਰਸ਼ ਕਰਕੇ ਪ੍ਰਾਪਤ ਨੌਕਰੀਆਂ ਤੋਂ ਵਾਂਝੇ ਕਰਨ ਦੇ ਮਨਸੂਬੇ ਬਣਾ ਰਹੀ ਹੈ। ਇਸ ਮੌਕੇ ਡੀ ਸੀ ਦਫ਼ਤਰ ਮਾਨਸਾ ਵੱਲ ਮਾਰਚ ਕਰਦੇ ਅਧਿਆਪਕਾਂ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ ਕੀਤੀ ਅਤੇ ਅਧਿਆਪਕ ਆਗੂ ਕਰਮਜੀਤ ਤਾਮਕੋਟ ਅਤੇ ਹੋਰ ਅਧਿਆਪਕ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ, ਜੋ ਕਿ ਅਧਿਆਪਕਾਂ ਦੇ ਸੰਘਰਸ਼ ਦੇ ਦਬਾਅ ਅੱਗੇ ਝੁੱਕਦਿਆਂ ਮੌਕੇ ਤੇ ਹੀ ਰਿਹਾਅ ਕਰਨਾ ਪਿਆ। ਇਸ ਸਮੇਂ ਅਧਿਆਪਕ ਆਗੂਆਂ ਸੁਖਬੀਰ ਸਿੰਘ ਬੱਬੀ, ਸਤੀਸ਼ ਕੁਮਾਰ, ਰਾਜਵਿੰਦਰ ਬੈਹਣੀਵਾਲ ਆਦਿ ਦੇ ਝੰਡੇ ਥੱਲੇ ਇਕੱਠੇ ਹੋ ਕੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇੰਨ੍ਹਾਂ ਅਧਿਆਪਕਾਂ ‘ਤੇ ਟੈੱਟ ਦੀ ਸ਼ਰਤ ਥੋਪਣਾ ਠੀਕ ਉਵੇਂ ਹੀ ਹੈ ਜਿਵੇਂ ਮੈਚ ਆਰੰਭ ਕਰਵਾਉਣ ਬਾਅਦ ਖੇਡ ਦੇ ਨਿਯਮ ਬਦਲ ਦਿੱਤੇ ਜਾਣ। ਅਧਿਆਪਕ ਨੂੰ ਨੌਕਰੀਆਂ ਵਿੱਚ ਰਹਿਣ ਲਈ ਅਤੇ ਤਰੱਕੀਆਂ ਕਰਨ ਵਿੱਚ ਅਜਿਹੀ ਸ਼ਰਤ ਲਗਾਉਣਾ ਬਿਲਕੁਲ ਹੀ ਗਲਤ ਹੈ ਕਿਉਂਕਿ ਭਰਤੀ ਕੀਤੇ ਗਏ ਹਰੇਕ ਅਧਿਆਪਕ ਸਮੇਂ ਮੁਤਾਬਕ ਹਰੇਕ ਯੋਗਤਾ ਪੂਰ੍ਹੀ ਕਰਕੇ ਨੌਕਰੀ ਵਿੱਚ ਆਏ ਹਨ। ਨੌਕਰੀ ’ਚ ਆਉਣ ਬਾਅਦ ਟੈੱਟ ਵਰਗੀ ਸ਼ਰਤ ਲਾਉਣਾ ਬਿਲਕੁਲ ਗ਼ੈਰਵਾਜਿਬ ਅਤੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਭਵਿੱਖ ਵਿੱਚ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦੀਆਂ ਇਹਨਾਂ ਮੁਲਾਜ਼ਮ ਅਤੇ ਰੁਜ਼ਗਾਰ ਮਾਰੂ ਨੀਤੀਆਂ ਖਿਲਾਫ਼ ਸਮੁੱਚੇ ਅਧਿਆਪਕਾਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਮੇਂ ਦੀਆਂ ਸਰਕਾਰਾਂ ਦੀ ਹੋਵੇਗੀ। ਅੱਜ ਦੇ ਇਸ ਇਕੱਠ ਵਿੱਚ 6 ਫ਼ਰਵਰੀ ਨੂੰ ਕਿਸਾਨਾਂ ‘ਤੇ ਪੰਜਾਬ ਸਰਕਾਰ ਦੁਆਰਾ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਸ ਮਸਲੇ ਨੂੰ ਲੈ 22 ਫ਼ਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਨਵੀਨ ਬੋਹਾ, ਮਨਜੀਤ ਬੱਪੀਆਣਾ, ਅਮਨਦੀਪ ਕੌਰ, ਜਸਪਿੰਦਰ ਕੌਰ, ਜਸਵਿੰਦਰ ਚਾਹਲ, ਜਗਵੰਤ ਸਿੰਘ, ਜਰਨੈਲ ਸਿੰਘ, ਸੁਖਵੰਤ ਸਮਾਓ, ਰਾਜ ਸਿੰਘ, ਜਸਵਿੰਦਰ ਹਾਕਮ ਵਾਲਾ, ਅੰਗਰੇਜ ਸਿੰਘ, ਹਰਦੇਵ ਸਿੰਘ, ਕਰਨਪਾਲ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਹਰਫ਼ੂਲ ਸਿੰਘ, ਸਿਕੰਦਰ ਸਿੰਘ, ਗੁਰਪ੍ਰੀਤ ਭੀਖੀ, ਅਮਰਪ੍ਰੀਤ ਕੌਰ, ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਸੁੱਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਪਲਵੀਰ ਕੌਰ, ਦੀਪਿਕਾ, ਗੁਰ ਸਿਮਰਨ ਕੌਰ, ਸੁਖਚੈਨ ਸਿੰਘ, ਗੁਰਜੰਟ ਸਿੰਘ, ਪਲਵਿੰਦਰ ਕੌਰ, ਊਸ਼ਾ ਕਿਰਨ, ਮੀਰਾ ਬਾਈ, ਕਮਲਪ੍ਰੀਤ ਕੌਰ, ਪਲਵਿੰਦਰ ਬਿੱਟੂ, ਅਮਰਜੀਤ ਸਿੰਘ, ਲਖਵੀਰ ਸਿੰਘ, ਗੁਰਮੇਲ ਬੋਹਾ, ਮੱਘਰ ਸਿੰਘ, ਗੁਰਦੀਪ ਸਿੰਘ, ਦਮਨਜੀਤ ਸਿੰਘ, ਰਾਜੇਸ਼ ਕੁਮਾਰ, ਹਰਜੀਤ ਸਿੰਘ, ਸਿਕੰਦਰ ਕੁਮਾਰ ਅਤੇ ਹਰਵਿੰਦਰ ਸਮਾਓਂ ਆਦਿ ਸ਼ਾਮਿਲ ਸਨ।