ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰਨ ਦਾ ਵਿਰੋਧ
ਸਿੱਖਿਆ ਵਿਭਾਗ ਨੇ ਪਿਛਲੇ ਸਾਲ ਆਨਲਾਈਨ
Publish Date: Sat, 21 Mar 2026 05:54 PM (IST)
Updated Date: Sun, 22 Mar 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਿੱਖਿਆ ਵਿਭਾਗ ਨੇ ਪਿਛਲੇ ਸਾਲ ਆਨਲਾਈਨ ਪ੍ਰਣਾਲੀ ਰਾਹੀਂ ਬਦਲੀਆਂ ਕਰਵਾ ਚੁੱਕੇ ਪਰ ਸਟਾਫ਼ ਘੱਟ ਹੋਣ ਦੀ ਸ਼ਰਤ ਹੋਣ ਕਾਰਨ ਰਿਲੀਵ ਨਾ ਹੋਣ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਅਧਿਆਪਕਾਂ ਦੀ ਨੁਮਾਇੰਦਾ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀਟੀਐਫ਼ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ੍ਹ ਨੇ ਦੱਸਿਆ ਕਿ ਆਪਣੇ ਘਰਾਂ ਤੋਂ ਦੋ-ਦੋ ਸੌ ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਦੀਆਂ ਜਦ ਆਪਣੇ ਘਰਾਂ ਨੇੜੇ ਖਾਲੀ ਸਟੇਸ਼ਨਾਂ ਤੇ ਬਦਲੀਆਂ ਹੋਈਆਂ ਤਾਂ ਉਨ੍ਹਾਂ ਨੂੰ ਸੁੱਖ ਦਾ ਸਾਹ ਆਇਆ ਪਰ ਵਿਭਾਗ ਨੇ ਉਨ੍ਹਾਂ ਉੱਪਰ ਸਕੂਲ ਵਿੱਚ 50 ਫ਼ੀਸਦੀ ਤੋਂ ਘੱਟ ਹੋਣ ਦੀ ਸ਼ਰਤ ਲਾ ਕੇ ਰਿਲੀਵ ਕਰਨ ਤੋਂ ਰੋਕ ਦਿੱਤਾ। ਇਸ ਮਸਲੇ ’ਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਵਫਦ ਡੀਐੱਸਈ ਅਤੇ ਬਦਲੀ ਸੈੱਲ ਦੇ ਅਫ਼ਸਰਾਂ ਨੂੰ ਮਿਲ ਕੇ ਕਈ ਵਾਰ ਅਪੀਲ ਕਰ ਚੁੱਕਾ ਹੈ ਕਿ ਉਨ੍ਹਾਂ ਅਧਿਆਪਕਾਂ ਨੂੰ ਰਿਲੀਵ ਕੀਤਾ ਜਾਵੇ ਪਰ ਹੁਣ ਇਕ ਸਾਲ ਬਾਅਦ ਉਨ੍ਹਾਂ ਨੂੰ ਰਿਲੀਵ ਕਰਨ ਦੀਆਂ ਥਾਂ ਸਿੱਖਿਆ ਵਿਭਾਗ ਨੇ ਉਨ੍ਹਾਂ ਦੀਆਂ ਬਦਲੀਆਂ ਰੱਦ ਕਰਨ ਦਾ ਪੱਤਰ ਕੱਢਿਆ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਬਦਲੀ ਕਰਵਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਉਨ੍ਹਾਂ ਅਧਿਆਪਕਾਂ ਨੇ ਸਰਕਾਰ ਵੱਲੋਂ ਬਣਾਈ ਪਾਲਿਸੀ ਰਾਹੀਂ ਮੈਰਿਟ ਦੇ ਅਧਾਰ ਤੇ ਬਦਲੀ ਕਰਵਾਈ ਸੀ। ਇਸ ਲਈ ਬਦਲੀਆਂ ਰੱਦ ਕਰਨ ਦਾ ਫ਼ੈਸਲਾ ਉਨ੍ਹਾਂ ਦੇ ਬਦਲੀ ਕਰਵਾਉਣ ਦੇ ਅਧਿਕਾਰ ਤੇ ਡਾਕਾ ਹੈ। ਡੀਟੀਐੱਫ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਮੀਤ ਪ੍ਰਧਾਨ ਨਵੀਨ ਗੋਇਲ ਬੋਹਾ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਮੰਗ ਕੀਤੀ ਕਿ ਇਹਨਾਂ ਅਧਿਆਪਕਾਂ ਨੂੰ ਤੁਰੰਤ ਰਿਲੀਵ ਕਰਕੇ ਇਹਨਾਂ ਦੇ ਬਦਲੀਆਂ ਵਾਲੇ ਸਕੂਲਾਂ ਵਿੱਚ ਭੇਜਿਆ ਜਾਵੇ। ਜੱਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰਪਾਲ ਸਿੰਘ ਨੇ ਇਹ ਮੰਗ ਕੀਤੀ ਕਿ ਅਗਲੇ ਸੈਸ਼ਨ ਦੇ ਸ਼ੁਰੂ ਵਿੱਚ ਹੀ ਬਦਲੀਆਂ ਲਈ ਅਰਜ਼ੀਆਂ ਮੰਗ ਕੇ ਮੈਰਿਟ ਦੇ ਅਧਾਰ ਤੇ ਬਦਲੀਆਂ ਕੀਤੀਆਂ ਜਾਣ ਤਾਂ ਜੋ ਸੈਸ਼ਨ ਦੇ ਸ਼ੁਰੂ ਤੋਂ ਵਿਦਿਆਰਥੀਆਂ ਨੂੰ ਅਧਿਆਪਕ ਮਿਲ ਸਕਣ। ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ, ਕੁਲਦੀਪ ਅੱਕਾਵਾਲੀ, ਅਮਰੀਕ ਬੋਹਾ, ਰਾਜ ਸਿੰਘ, ਗੁਰਦੀਪ ਬਰਨਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ, ਬਲਕਾਰ ਸਿੰਘ, ਰਾਜਿੰਦਰ ਸਿੰਘ ਐਚ ਟੀ, ਸੁਖਚੈਨ ਸੇਖੋਂ, ਮੱਘਰ ਸਿੰਘ, ਜਗਪਾਲ ਸਿੰਘ, ਅਰਵਿੰਦਰ ਸਿੰਘ, ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ, ਅਮਰਪ੍ਰੀਤ ਕੌਰ, ਨਿਰਲੇਪ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਅਮਰਜੀਤ ਸਿੰਘ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ, ਆਦਿ ਅਧਿਆਪਕ ਆਗੂ ਹਾਜ਼ਰ ਸਨ।