- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮਾਨਸਾ ਦੇ ਹਲਕਾ ਝੁਨੀਰ ਵਿਖੇ

-ਰੁਜ਼ਗਾਰ ਦੇ ਮੁੱਦੇ ’ਤੇ ਸਵਾਲ ਕਰਨ ਦਾ ਕੀਤਾ ਸੀ ਐਲਾਨ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੇ ਹਲਕਾ ਝੁਨੀਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਬੇਰੁਜ਼ਗਾਰ ਆਗੂਆਂ ਦੀ ਫੜੋ ਫੜੀ ਸ਼ੁਰੁ ਕਰ ਦਿੱਤੀ। ਇਸ ਦੌਰਾਨ ਇੱਕ ਆਗੂ ਨੂੰ ਪੁਲਿਸ ਨੇ ਫੜ੍ ਲਿਆ ਅਤੇ ਦੇਰ ਸ਼ਾਮ ਰਿਹਾਅ ਕੀਤਾ ਗਿਆ। ਹਾਲਾਂਕਿ ਜ਼ਿਆਦਾਤਰ ਆਗੂ ਇਧਰ ਉਧਰ ਹੋ ਗਏ। ਇਸ ਤਹਿਤ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਤੇ ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਨੂੰ ਮਾਨਸਾ ਸਵੇਰੇ ਕਰੀਬ ਸਾਢੇ ਚਾਰ ਵਜੇ ਪੁਲਿਸ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਹਿਰਾਸਤ ‘ਚ ਲੈ ਲਿਆ ਤਾਂ ਕਿ ਉਹ ਮੁੱਖ ਮੰਤਰੀ ਦੀ ਜਨਤਕ ਰੈਲੀ ਮੌਕੇ ਜਾਕੇ ਰੁਜ਼ਗਾਰ ਦੇ ਮੁੱਦੇ ' ਤੇ ਸਵਾਲ ਨਾ ਕਰ ਸਕਣ। ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ,ਰਮਨ ਕੁਮਾਰ ਮਲੋਟ ਤੇ ਅਮਨ ਸੇਖਾ ਨੇ ਦੱਸਿਆ ਕਿ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਕਨਵੀਨਰ ਹਰਜਿੰਦਰ ਸਿੰਘ ਝੁਨੀਰ ਅਤੇ ਸੰਦੀਪ ਮੋਫ਼ਰ ਦੀ ਅਗਵਾਈ ਵਿੱਚ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵਿਚਾਰਾਂ ਅਨੁਸਾਰ ਹੀ ਬੇਰੁਜ਼ਗਾਰਾਂ ਦੇ ਸਵਾਲਾਂ ਦੇ ਜਵਾਬ ਦੇਣ। ਬੇਰੁਜ਼ਗਾਰ ਪੰਜਾਬ ਸਰਕਾਰ ਵੱਲੋਂ 63 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੇ ਜਾਣ ਅਤੇ ਸਿੱਖਿਆ ਵਿਭਾਗ ਵਿੱਚ 13765 ਅਧਿਆਪਕ ਭਰਤੀ ਕੀਤੇ ਜਾਣ ਦੇ ਝੂਠੇ ਦਾਅਵਿਆਂ ’ਤੇ ਜਨਤਕ ਬਹਿਸ ਕਰਨ।
ਆਗੂਆਂ ਨੇ ਦੱਸਿਆ ਕਿ ਅੱਜ ਮੂੰਹ ਹਨੇਰੇ ਹੀ ਇੱਕ ਆਗੂ ਨੂੰ ਫੜ੍ਹ ਲਿਆ ਗਿਆ ਸੀ, ਜਦੋਂਕਿ ਦੂਜੇ ਇਧਰ ਉਧਰ ਹੋ ਗਏ। ਬੇਰੁਜ਼ਗਾਰ ਆਗੂਆਂ ਨੇ ਪੰਜਾਬ ਸਰਕਾਰ ‘ਤੇ ਸੂਬੇ ਅੰਦਰ ਪੁਲਿਸ ਰਾਜ ਸਥਾਪਿਤ ਕੀਤੇ ਜਾਣ ਦੇ ਇਲਜ਼ਾਮ ਲਗਾਏ। ਆਗੂਆਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡੀਸੀ ਦਫ਼ਤਰ ਅੱਗੇ 25 ਦਸੰਬਰ 2025 ਭਾਵ ਪਿਛਲੇ ਕਰੀਬ ਦੋ ਮਹੀਨੇ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਬੇਰੁਜ਼ਗਾਰਾਂ ਨੇ ਕਈ ਵਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਰੁਜ਼ਗਾਰ ਦੀ ਮੰਗ ਕੀਤੀ ਅਤੇ ਪੁਲਿਸ ਦਾ ਲਾਠੀਚਾਰਜ ਝੱਲਿਆ ਹੈ। ਬੇਰੁਜ਼ਗਾਰਾਂ ਦੀ ਸਿੱਧੀ ਚੁਣੌਤੀ ਹੈ ਕਿ ਪੰਜਾਬ ਸਰਕਾਰ ਆਪਣੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਵਿੱਚ ਨਰਸਰੀ, ਈਟੀਟੀ, ਮਾਸਟਰ ਕੇਡਰ, ਲੈਕਚਰਾਰ ਜਾਂ ਸਹਾਇਕ ਪ੍ਰੋਫ਼ੈਸਰਾਂ ਦੀ ਇਕ ਅਸਾਮੀ ਕੱਢੀ ਹੋਵੇ ਤਾਂ ਇਸ਼ਤਿਹਾਰ ਵਿਖਾਵੇ। ਸਗੋ ਪਿਛਲੀ ਸਰਕਾਰ ਵੇਲੇ ਦੀਆਂ ਜਾਰੀ 343 ਲੈਕਚਰਾਰ, 646 ਪੀਟੀਆਈ ਭਰਤੀਆਂ ਸਮੇਤ ਕਈ ਭਰਤੀਆਂ ਜਿਨ੍ਹਾਂ ’ਚ 2000 ਪੀਟੀਆਈ ਅਤੇ ਸਿਹਤ ਵਿਭਾਗ ਵਿਚ ਮਾਨਸਿਕ ਰੋਗਾਂ ਦੇ ਮਾਹਿਰਾਂ ਦੀਆਂ ਪੋਸਟਾਂ ਰੱਦ ਜਰੂਰ ਕੀਤੀਆਂ ਹਨ। ਜਦਕਿ ਪੰਜਾਬ ਸਰਕਾਰ ਨੇ ਭਰਤੀ ਕੈਲੰਡਰ,ਭਾਵ ਹਰੇਕ ਸਾਲ ਭਰਤੀ ਕਰਨ ਦਾ ਚੋਣ ਵਾਅਦਾ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਰੱਖੜ ਪੁੰਨਿਆ 2023 ਮੌਕੇ ਅਤੇ ਹੋਰ ਅਨੇਕਾਂ ਥਾਵਾਂ ‘ਤੇ ਜਨਤਕ ਵਾਅਦਾ ਕੀਤਾ ਸੀ। ਪਿਛਲੀਆਂ ਸਰਕਾਰਾਂ ਮੌਕੇ ਰੁਜ਼ਗਾਰ ਉਡੀਕ ਕਰਦੇ, ਧਰਨੇ ਲਗਾਉਂਦੇ ਉਮਰਾਂ ਲੰਘਾ ਚੁੱਕੇ ਬੇਰੁਜ਼ਗਾਰਾਂ ਨੂੰ ‘ਆਪ’ ਦੀ ਸਰਕਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਦੇ ਕੇ ਭਰਤੀ ਹੋਣ ਦਾ ਮੌਕਾ ਦੇਵੇਗੀ।ਇਸ ਵਾਅਦੇ ਨੂੰ ਵੀ ਅਜੇ ਤੱਕ ਲਾਗੂ ਨਹੀਂ ਕੀਤਾ।
ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉਮਰ ਹੱਦ ਛੋਟ (ਇੱਕ ਮੌਕਾ ਸਾਰਿਆਂ )ਨੂੰ ਦੇਕੇ ਜਾਰੀ ਕੀਤੀਆਂ ਜਾਣ। ਲੈਕਚਰਾਰ ਅਤੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਮੁੱਢੋਂ ਰੱਦ ਕੀਤੀ ਜਾਵੇ। ਆਰਟ ਐਂਡ ਕਰਾਫ਼ਟ ਦੀਆਂ ਪਿਛਲੇ ਸਮੇਂ ਜਾਰੀ ਹੋਈਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਰੱਖੀ ਜਾਵੇ। ਸਿਹਤ ਵਿਭਾਗ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਖ਼ਾਲੀ ਪਈਆਂ ਸਾਰੀਆਂ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਜਾਰੀ ਕੀਤਾ ਜਾਵੇ।