ਪੁਲਿਸ ਪੈਨਸ਼ਨਰਜ਼ ਨੇ ਮੀਟਿੰਗ ਦੌਰਾਨ ਵਿਚਾਰੇ ਜ਼ਰੂਰੀ ਮਸਲੇ
ਪੁਲਿਸ ਪੈਨਸ਼ਨਰਜ ਜ਼ਿਲ੍ਹਾ ਇਕਾਈ ਮਾਨਸਾ
Publish Date: Fri, 06 Mar 2026 07:26 PM (IST)
Updated Date: Sat, 07 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੁਲਿਸ ਪੈਨਸ਼ਨਰਜ਼ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਦੀ ਅਗਵਾਈ ਹੇਠ ਆਪਣੇ ਦਫ਼ਤਰ ਵਿੱਚ ਮਹੀਨਾਵਾਰ ਮੀਟਿੰਗ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰੀਤਮ ਸਿੰਘ ਬੁਢਲਾਡਾ ਵੱਲੋਂ ਨਿਭਾਉਂਦਿਆ ਮੀਟਿੰਗ ਦੇ ਏਜੰਡੇ ਬਾਰੇ ਚਾਨਣਾ ਪਾਇਆ। ਮਹੀਨੇ ਵਿੱਚ ਵਿਛੁੜ ਚੁੱਕੇ ਸਾਥੀ ਸੁਰਿੰਦਰਪਾਲ ਸਿੰਘ ਵਾਇਰਲੈਸ ਵਿਭਾਗ ਵਾਸੀ ਮਾਨਸਾ, ਬਲਜਿੰਦਰ ਸਿੰਘ ਗੇਹਲੇ ਹਾਲ ਵਾਸੀ ਮਾਨਸਾ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਵਿੱਚ ਨਵੇਂ ਆਏ 3 ਪੈਨਸ਼ਨਰਾਂ ਸਾਬਕਾ ਇੰਸਪੈਕਟਰ ਮਲਕੀਤ ਸਿੰਘ ਸੀਆਈਡੀ ਯੂਨਿਟ, ਸਾਬਕਾ ਇੰਸਪੈਕਟਰ ਅੰਗਰੇਜ਼ ਸਿੰਘ ਸੀਆਈਡੀ ਯੂਨਿਟ ਅਤੇ ਸਾਬਕਾ ਏਐਸਆਈ ਰਾਮਜੀ ਦਾਸ ਵਾਸੀ ਭਾਈਦੇਸਾ ਦੇ ਹਾਰ ਪਾ ਕੇ ਜੀ ਆਇਆ ਆਖਿਆ ਗਿਆ। ਉਨ੍ਹਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। ਐੱਸਐੱਸਪੀ ਦਫ਼ਤਰ ਵਿਖੇ ਮਨਾਏ ਗਏ ਬਜ਼ੁਰਗ ਦਿਵਸ ਮੌਕੇ ਐਸਐਸਪੀ ਕੋਲੋਂ ਪੈਨਸ਼ਨਰ ਦਫ਼ਤਰ ਲਈ ਇੱਕ ਕੰਪਿਊਟਰ ਸੈਟ ਦੇਣ ਦੀ ਮੰਗ ਰੱਖੀ ਗਈ ਸੀ, ਜਿਸਦੀ ਅਲਾਟਮੈਂਟ ਹੋ ਚੁੱਕੀ ਹੈ ਤੇ ਕੁਝ ਹੀ ਦਿਨਾਂ ਵਿੱਚ ਮਿਲ ਜਾਵੇਗਾ, ਜਿਸ ਸਬੰਧੀ ਐਸਐਸਪੀ ਦਾ ਧੰਨਵਾਦ ਕੀਤਾ। ਪੈਨਸ਼ਨਰ ਦਫਤਰ ਵੱਲੋਂ ਜਿਹਨਾਂ ਸਾਥੀਆ ਪਾਸੋਂ ਲੁੜੀਂਦੇ ਡਾਕੂਮੈਂਟ ਮੰਗੇ ਗਏ ਹਨ, ਉਹ ਤੁਰੰਤ ਦੇ ਕੇ ਪੈਨਸ਼ਨਰ ਦਫਤਰ ਦੇ ਰਿਕਾਰਡ ਦੀ ਪੂਰਤੀ ਕਰਵਾ ਲੈਣ। ਜਿਹਨਾਂ ਨੇ ਹਾਲੇ ਤੱਕ ਈਕੇਵਾਈਸੀ ਨਹੀ ਕਰਵਾਈ ਉਹ ਵੀ ਬੈਂਕ ਵਿਚ ਜਾ ਕੇ ਕਰਵਾ ਲੈਣ। ਜਿਹਨਾਂ ਨੂੰ ਬੈਂਕ ਵੱਲੋਂ ਡਿਜੀਟਲ ਲਾਈਵ ਸਰਟੀਫ਼ਿਕੇਟ ਦੇ ਮੈਸੇਜ ਆਏ ਹਨ। ਉਹ ਵੀ ਬੈਂਕ ਵਿੱਚ ਜਾ ਕੇ ਕਰਵਾ ਲੈਣ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਬੰਦ ਨਾ ਹੋਵੇ। ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਸਾਥੀ ਦਾ ਮੈਡੀਕਲ ਬਿੱਲ ਪੈਡਿੰਗ ਹੈ ਤਾਂ ਉਹ ਵੀ ਨੋਟ ਕਰਵਾ ਸਕਦਾ ਹੈ। ਇਸਤੋਂ ਇਲਾਵਾ ਜਿੰਨ੍ਹਾਂ ਸਾਥੀਆਂ ਨੂੰ 28 ਫ਼ਰਵਰੀ 2026 ਤੱਕ ਪੈਨਸ਼ਨ ਆਇਆਂ 2 ਸਾਲ ਹੋ ਚੁੱਕੇ ਹਨ। ਉਹ ਆਪਣਾ ਐਲਟੀਸੀ ਫ਼ਾਰਮ ਭਰ ਕੇ ਸਬੰਧਤ ਬੈਂਕ ਵਿੱਚ ਤੁਰੰਤ ਜਮ੍ਹਾਂ ਕਰਵਾ ਦੇਣ ਤਾਂ ਜੋ ਸਮੇਂਸਿਰ ਮਨਜ਼ੂਰ ਹੋ ਸਕੇ। ਪ੍ਰਧਾਨ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾ ਨੂੰ ਪੈਡਿੰਗ ਮਹਿੰਗਾਈ ਭੱਤੇ ਦੀਆ ਕਿਸ਼ਤਾਂ ਤੁਰੰਤ ਦੇਣ ਅਤੇ ਪੈਡਿੰਗ ਮੰਗਾਂ ਤੁਰੰਤ ਮੰਨਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ। ਬੂਟਾ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ, ਰਾਮ ਸਿੰਘ ਅੱਕਾਂਵਾਲੀ ਆਦਿ ਬੁਲਾਰਿਆ ਨੇ ਪੈਨਸ਼ਨਰਾਂ ਦੀ ਭਲਾਈ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ।