ਦੋਹਰੇ ਕਤਲ ਕਾਂਡ ਮਾਮਲੇ ’ਚ ਇੱਕ ਗ੍ਰਿਫ਼ਤਾਰ
ਪਿਛਲੇ ਦਿਨੀ ਪਿਛਲੇ ਦਿਨੀ ਸਰਦੂਲਗੜ੍ਹ
Publish Date: Thu, 05 Mar 2026 06:05 PM (IST)
Updated Date: Thu, 05 Mar 2026 06:08 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ : ਥਾਣਾ ਸਰਦੂਲਗੜ੍ਹ ਦੇ ਏਰੀਏ ਵਿੱਚ ਸ਼ੈਲਰ ਰੋਡ ’ਤੇ ਇੱਕ ਫ਼ਾਰਮ ਹਾਊਸ ਵਿੱਚ ਦੋ ਵਿਅਕਤੀਆਂ ਦੇ ਅੰਨ੍ਹੇ ਕਤਲ ਦੇ ਮੁਕਦੱਮੇ ਨੂੰ ਟਰੇਸ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਮਨਮੋਹਨ ਸਿੰਘ ਔਲਖ ਐੱਸਪੀ (ਇਨਵੈਸਟੀਗੇਸ਼ਨ) ਨੇ ਦੱਸਿਆ ਕਿ 27 ਫ਼ਰਵਰੀ 2026 ਨੂੰ ਥਾਣਾ ਸਰਦੂਲਗੜ੍ਹ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸਰਦੂਲਗੜ੍ਹ ਦੇ ਸ਼ੈਲਰ ਰੋਡ ’ਤੇ ਇੱਕ ਫ਼ਾਰਮ ਹਾਊਸ ਵਿੱਚ ਜਸਵੀਰ ਸਿੰਘ ਉਰਫ਼ ਕਾਕਾ ਵਾਸੀ ਸਰਦੂਲਗੜ੍ਹ ਤੇ ਬਲਦੇਵ ਸਿੰਘ ਵਾਸੀ ਮੀਰਪੁਰ ਖੁਰਦ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਅਸ਼ੋਕ ਕੁਮਾਰ ਦੇ ਬਿਆਨ 'ਤੇ ਮੁਕੱਦਮਾ ਨੰਬਰ. 50 ਮਿਤੀ 27 ਫ਼ਰਵਰੀ 2026 ਅ/ਧ 103,3(5) ਬੀਐੱਨਐੱਸ ਥਾਣਾ ਸਰਦੂਲਗੜ੍ਹ ਬਰਖਿਲਾਫ਼ ਅਣਪਛਾਤੇ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ।
ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਮਨਜੀਤ ਸਿੰਘ ਉਪ ਕਪਤਾਨ ਪੁਲਿਸ (ਸ:ਡ) ਸਰਦੂਲਗੜ੍ਹ, ਜਸਵਿੰਦਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈ.) ਮਾਨਸਾ ਦੀ ਦੇਖ-ਰੇਖ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵੱਲੋਂ ਮੁਸ਼ਤੈਦੀ ਅਤੇ ਵਿਗਿਆਨਕ ਤਰੀਕੇ ਨਾਲ ਕੰਮ ਕਰਦੇ ਹੋਏ ਮੁਕੱਦਮੇ ਵਿੱਚ ਗੁਰਪ੍ਰੀਤ ਸਿੰਘ (35) ਉਰਫ਼ ਨਿਉਲਾ ਵਾਸੀ ਵਾਰਡ ਨੰਬਰ. 04, ਸਰਦੂਲਗੜ੍ਹ ਨੂੰ ਨਾਮਜ਼ਦ ਕਰ ਕੇ 04 ਮਾਰਚ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਉਕਤ ਦਾ ਪਿਤਾ ਘੋਨਾ ਸਿੰਘ ਅਕਸਰ ਹੀ ਮ੍ਰਿਤਕ ਜਸਵੀਰ ਕੁਮਾਰ ਉਰਫ਼ ਕਾਕਾ ਪਾਸ ਚਲਿਆ ਜਾਂਦਾ ਸੀ ਤਾਂ ਕੁਝ ਅਰਸੇ ਬਾਅਦ ਹੀ ਜਦੋਂ ਗੁਰਪ੍ਰੀਤ ਸਿੰਘ ਉਕਤ ਦੇ ਪਿਤਾ ਦੀ ਕਿਸੇ ਕਾਰਨਾਂ ਕਰ ਕੇ ਮੌਤ ਹੋ ਗਈ ਤਾਂ ਗੁਰਪ੍ਰੀਤ ਸਿੰਘ ਉਕਤ ਇਸ ਗੱਲ ਦਾ ਸ਼ੱਕ ਕਰਦਾ ਸੀ ਕਿ ਮ੍ਰਿਤਕ ਜਸਵੀਰ ਕੁਮਾਰ ਉਰਫ਼ ਕਾਕਾ ਨੇ ਹੀ ਉਸ ਦੇ ਪਿਤਾ ਨੂੰ ਕੋਈ ਅਜਿਹੀ ਚੀਜ਼ ਚਾਹ ਵਿੱਚ ਮਿਲਾ ਕੇ ਪਿਆਈ ਹੈ, ਜਿਸ ਕਰ ਕੇ ਹੀ ਉਸ ਦਾ ਪਿਤਾ ਬਿਮਾਰੀ ਗ੍ਰਸਤ ਹੋ ਕੇ ਮਰ ਗਿਆ ਹੈ ਅਤੇ ਕਿਸੇ ਦੁਆਰਾ ਜ਼ਹਿਰ ਪਾਉਣ ਕਰ ਕੇ ਗੁਰਪ੍ਰੀਤ ਸਿੰਘ ਉਕਤ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ ਸੀ, ਜਿਸ ਦਾ ਸ਼ੱਕ ਵੀ ਉਹ ਮ੍ਰਿਤਕ ਜਸਵੀਰ ਕੁਮਾਰ ਉਰਫ਼ ਕਾਕਾ ’ਤੇ ਕਰਦਾ ਸੀ, ਜਿਸ ਕਰ ਕੇ ਉਸ ਨੇ ਮੌਕਾ ਮਿਲਦੇ ਹੀ ਜਸਵੀਰ ਕੁਮਾਰ ਉਰਫ਼ ਕਾਕਾ ’ਤੇ ਮਾਲੀ ਬਲਦੇਵ ਸਿੰਘ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।