ਨਸ਼ੇ ਖ਼ਿਲਾਫ਼ ਪੁਲਿਸ ਨੇ ਸੁੰਨਸਾਨ ਥਾਵਾਂ ’ਤੇ ਚਲਾਈ ਸਰਚ ਮੁਹਿੰਮ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਯੁੱਧ
Publish Date: Sat, 17 Jan 2026 05:51 PM (IST)
Updated Date: Sun, 18 Jan 2026 04:10 AM (IST)

-ਨਸ਼ਾ ਕਰਨ ਤੇ ਵੇਚਣ ਵਾਲਿਆਂ ਖ਼ਿਲਾਫ਼ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ, ਦਿੱਤੀ ਚਿਤਾਵਨੀ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਸਰਦੂਲਗੜ੍ਹ ਪੁਲਿਸ ਵੱਲੋਂ ਅੱਜ ਸ਼ਹਿਰ ਦੀ ਅਵਿਕਸਿਤ ਕਲੋਨੀ ਵਿੱਚ ਸਰਚ ਅਭਿਆਨ ਚਲਾਇਆ। ਇਸ ਅਭਿਆਨ ਦੀ ਅਗਵਾਈ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨੇ ਕੀਤੀ। ਉਨ੍ਹਾਂ ਦੀ ਰਹਿਨੁਮਾਈ ਹੇਠ ਪੁਲਿਸ ਟੀਮ ਨੇ ਖ਼ਾਲੀ ਪਲਾਟ, ਜੋ ਕਿ ਆਬਾਦੀ ਤੋਂ ਦੂਰ ਹਨ ਜਿਥੇ ਨਸ਼ੇੜੀ ਆਮ ਤੌਰ ‘ਤੇ ਲੁਕ-ਛਿਪ ਕੇ ਨਸ਼ਾ ਕਰਦੇ ਜਾਂ ਨਸ਼ੇ ਦੀ ਸਪਲਾਈ ਕਰਦੇ ਹਨ, ਅਜਿਹੀਆਂ ਥਾਵਾਂ ਦੀ ਸਰਚ ਕੀਤੀ। ਇਸ ਮੌਕੇ ਉਪ ਕਪਤਾਨ ਪੁਲਿਸ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਡੀਜੀਪੀ ਪੰਜਾਬ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਪਿੰਡਾਂ ਤੇ ਸ਼ਹਿਰਾਂ ਦੀਆਂ ਉਨ੍ਹਾਂ ਥਾਵਾਂ ’ਤੇ ਨਜ਼ਰ ਰੱਖਣਾ ਹੈ ਜਿਥੇ ਨਸ਼ਾ ਤਸਕਰ ਅਕਸਰ ਆਪਣਾ ਧੰਦਾ ਚਲਾਉਂਦੇ ਹਨ। ਕੱਲ੍ਹ ਇਸ ਕਲੋਨੀ ਵਿੱਚ ਇੱਕ ਔਰਤ ਕਮਲਜੀਤ ਕੌਰ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੀ ਸੀ ਨੂੰ ਗ੍ਰਿਫ਼ਤਾਰ ਕਰ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਅਭਿਆਨ ਆਉਂਦੇ ਦਿਨਾਂ ਵਿੱਚ ਹੋਰ ਵੀ ਸਖ਼ਤੀ ਨਾਲ ਜਾਰੀ ਰਹਿਣਗੇ। ਉਪ ਕਪਤਾਨ ਨੇ ਸੂਚਨਾ ਸਾਂਝੀ ਕਰਦਿਆਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਖ਼ਾਸ ਤੌਰ ‘ਤੇ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ, ਖ਼ਰੀਦਦਾ, ਰੱਖਦਾ ਜਾਂ ਵਰਤਦਾ ਫੜ੍ਹਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਅਭਿਆਨ ਵਿੱਚ ਕਈ ਸ਼ੱਕੀ ਥਾਵਾਂ ਦੀ ਤਲਾਸ਼ੀ ਲਈ ਗਈ ਅਤੇ ਪੁਲਿਸ ਟੀਮ ਨੇ ਹਰ ਇਕ ਪੁਆਇੰਟ ਦੀ ਗਹਿਰਾਈ ਨਾਲ ਜਾਂਚ ਕੀਤੀ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਹੈ। ਜਿੰਨਾ ਜ਼ਿਆਦਾ ਲੋਕ ਸੁਚੇਤ ਹੁੰਦੇ ਜਾਣਗੇ, ਉਨਾ ਹੀ ਆਸਾਨੀ ਨਾਲ ਨਸ਼ਾ ਤਸਕਰੀ ਦੇ ਜਾਲ ਨੂੰ ਤੋੜਿਆ ਜਾ ਸਕਦਾ ਹੈ। ਗੁਆਂਢੀ ਰਾਜ ਹਰਿਆਣਾ ਵਿੱਚੋਂ ਨਸ਼ੇ ਦੀ ਆਮਦ ਨੂੰ ਲੈ ਕੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਪੁਲਿਸ ਦੀ ਮੁਸਤੈਦੀ ਕਾਰਨ ਹੁਣ ਨਸ਼ੇ ਦੇ ਕਾਰੋਬਾਰੀ ਇਸ ਪਾਸੇ ਬਹੁਤ ਘੱਟ ਆ ਰਹੇ ਹਨ। ਜੇਕਰ ਕੋਈ ਆ ਵੀ ਜਾਂਦਾ ਹੈ ਤਾਂ ਉਹ ਬਚ ਕੇ ਨਹੀਂ ਜਾ ਸਕਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਆਪਣੇ ਇਲਾਕੇ ‘ਚ ਨਸ਼ੇ ਨਾਲ ਸੰਬੰਧਿਤ ਕੋਈ ਵੀ ਸ਼ੱਕੀ ਸਰਗਰਮੀ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਪੁਲਿਸ ਵੱਲੋਂ ਚਲਾਇਆ ਗਿਆ ਇਹ ਸਰਚ ਅਭਿਆਨ ਇਲਾਕੇ ਵਿੱਚ ਨਸ਼ੇੜੀਆਂ ਅਤੇ ਤਸਕਰਾਂ ਲਈ ਸਪੱਸ਼ਟ ਸੰਦੇਸ਼ ਹੈ ਕਿ ਹੁਣ ਕਿਸੇ ਵੀ ਸਥਾਨ ‘ਤੇ ਲੁੱਕ ਕੇ ਨਸ਼ਾ ਕਰਨ ਜਾਂ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ।