ਬਾਸਕਟਬਾਲ ਗਰਾਊਂਡ ’ਚ ਇਮਾਰਤ ਬਣਾਉਣ ’ਤੇ ਖਿਡਾਰੀਆਂ ਵੱਲੋਂ ਵਿਰੋਧ
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ
Publish Date: Mon, 09 Mar 2026 06:10 PM (IST)
Updated Date: Tue, 10 Mar 2026 04:07 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਸਰਕਾਰੀ ਸਕੂਲ ਵਿੱਚ ਬਣੇ ਬਾਸਕਿਟਬਾਲ ਗਰਾਊਂਡ ਨੂੰ ਪੁੱਟ ਕੇ ਉਸ ਥਾਂ ‘ਤੇ ਬਿਲਡਿੰਗ ਬਣਾਉਣ ਦੀ ਯੋਜਨਾ ਖ਼ਿਲਾਫ਼ ਖਿਡਾਰੀਆਂ ਤੇ ਪਿੰਡ ਦੇ ਨੌਜਵਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਖਿਡਾਰੀਆਂ ਨੇ ਸਕੂਲ ਪ੍ਰਿੰਸੀਪਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਮੈਦਾਨ ਨੂੰ ਜਬਰਦਸਤੀ ਖ਼ਤਮ ਕਰਕੇ ਉਥੇ ਬਿਲਡਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੈਣੀਬਾਘਾ ਦੇ ਬਾਸਕਟਬਾਲ ਕੋਚ ਰਾਜ ਸਿੰਘ ਨੇ ਦੱਸਿਆ ਕਿ ਸਕੂਲ ’ਚ ਬਣੇ ਤਿੰਨ ਬਾਸਕਿਟਬਾਲ ਗਰਾਊਂਡਾਂ ਵਿੱਚ ਹਰ ਰੋਜ਼ ਸਵੇਰੇ ਤੇ ਸ਼ਾਮ ਕਰੀਬ 200 ਦੇ ਕਰੀਬ ਖਿਡਾਰੀ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰਾਊਂਡਾਂ ਵਿੱਚੋਂ ਤਿਆਰ ਹੋਏ ਕਈ ਨੌਜਵਾਨ ਪੰਜਾਬ ਪੁਲਿਸ ਅਤੇ ਫ਼ੌਜ ਵਿੱਚ ਭਰਤੀ ਹੋ ਚੁੱਕੇ ਹਨ। ਗੁਰਪਿਆਰ ਸਿੰਘ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਹੁਣ ਇਸ ਮੈਦਾਨ ਨੂੰ ਉਖਾੜ ਕੇ ਉਸ ਥਾਂ ’ਤੇ ਨਵੀਂ ਬਿਲਡਿੰਗ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਨਾਲ ਖਿਡਾਰੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਸ਼ੇਰ ਸਿੰਘ, ਪਰਮਿੰਦਰ ਸਿੰਘ, ਪੱਪੂ ਸਿੰਘ ਨੇ ਕਿਹਾ ਕਿ ਸਕੂਲ ਕੋਲ ਹੋਰ ਵੀ ਕਾਫ਼ੀ ਖਾਲੀ ਥਾਂ ਮੌਜੂਦ ਹੈ ਜਿੱਥੇ ਬਿਲਡਿੰਗ ਬਣਾਈ ਜਾ ਸਕਦੀ ਹੈ। ਪਰ ਫ਼ਿਰ ਵੀ ਗਰਾਊਂਡ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖਿਡਾਰੀਆਂ ਅਨੁਸਾਰ ਉਹ ਇਸ ਮਾਮਲੇ ਵਿਚ ਕਈ ਵਾਰ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗਰਾਊਂਡ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਤਿੱਖਾ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜਗਤਾਰ ਸਿੰਘ, ਗੁਰਬੀਰ ਸਿੰਘ ਤੇ ਜਸਵੰਤ ਸਿੰਘ ਨੇ ਵੀ ਗਰਾਊਂਡ ਬਚਾਉਣ ਦੀ ਮੰਗ ਕਰਦਿਆਂ ਸਕੂਲ ਪ੍ਰਸ਼ਾਸਨ ਤੋਂ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ। ਉਧਰ ਜਦੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਜੋ ਵੀ ਕੰਮ ਕੀਤਾ ਜਾ ਰਿਹਾ ਹੈ। ਉਹ ਸਕੂਲ ਦੀ ਭਲਾਈ ਨੂੰ ਧਿਆਨ ’ਚ ਰੱਖ ਕੇ ਹੀ ਕੀਤਾ ਜਾ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਗਲਤ ਕਾਰਵਾਈ ਨਹੀਂ ਹੋ ਰਹੀ।