- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੀ ਦਾਣਾ ਮੰਡੀ ਵਿੱਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੱਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ ਪਰ ਅੱਜ 12 ਅਪ੍ਰੈਲ ਬੀਤ ਜਾਣ ਬਾਅਦ ਤੱਕ ਵੀ ਮੰਡੀ ਵਿੱਚ ਪਈ ਕਣਕ ਨੂੰ ਖ਼ਰੀਦਣ ਲਈ ਕਿਸੇ ਵੀ ਏਜੰਸੀ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ। ਕੁਦਰਤ ਦੀ ਮਾਰ ਨਾਲ ਲੜਦੇ ਹੋਏ ਕਿਸਾਨ ਕਿਵੇਂ ਨਾ ਕਿਵੇਂ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਪਹੁੰਚਿਆ ਤਾਂ ਅੱਗੇ ਏਜੰਸੀ ਦੇ ਅਧਿਕਾਰੀਆਂ ਦੀ ਬੇਰੁਖੀ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ। ਇਨ੍ਹਾਂ ਅਧਿਕਾਰੀਆਂ ਨੇ ਇਹ ਕਹਿ ਕੇ ਕਣਕ ਖ਼ਰੀਦਣ ਤੋਂ ਨਾ ਕਰ ਦਿੱਤੀ ਕਿ ਮੀਹਾਂ ਕਾਰਨ ਕਣਕ ਦੇ ਦਾਣੇ ਸਰਕਾਰ ਦੇ ਮਾਪਦੰਡਾਂ ਤੋਂ ਵੱਧ ਖ਼ਰਾਬ ਹੋ ਗਏ ਹਨ, ਜਿਸ ਕਾਰਨ ਉਹ ਕਣਕ ਦੀ ਖ਼ਰੀਦ ਨਹੀਂ ਕਰ ਸਕਦੇ। ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਫ਼ਸਲ ਲੈ ਕੇ ਮੰਡੀ ਵਿੱਚ ਬੈਠੇ ਹਨ ਪਰ ਹਾਲੇ ਤੱਕ ਕੋਈ ਵੀ ਕਣਕ ਦੀ ਖ਼ਰੀਦ ਕਰਨ ਲਈ ਉਨ੍ਹਾਂ ਕੋਲ ਨਹੀਂ ਪੁੱਜਿਆ। ਪਹਿਲਾਂ ਆੜ੍ਹਤੀਆਂ ਦੀ ਹੜਤਾਲ ਚੱਲ ਰਹੀ ਸੀ। ਉਹ ਜਿਵੇਂ ਹੀ ਖ਼ਤਮ ਹੋਈ ਹੁਣ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹੜਤਾਲ ’ਤੇ ਚਲੇ ਗਏ, ਜਿਸ ਕਾਰਨ ਪ੍ਰੇਸ਼ਾਨ ਹੋ ਕੇ ਅੱਜ ਮੰਡੀ ਵਿੱਚ ਬੈਠੇ ਸਮੂਹ ਕਿਸਾਨ ਆੜ੍ਹਤੀਆ ਐਸੋਸੀਏਸ਼ਨ ਨੂੰ ਨਾਲ ਲੈ ਕੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਪਹੁੰਚੇ ਤਾਂ ਇਥੇ ਮੌਜੂਦ ਵੱਖ ਵੱਖ ਏਜੰਸੀਆਂ ਦੇ ਅਧਿਕਾਰੀਆਂ ਨਾਲ ਫ਼ਸਲ ਖ਼ਰੀਦ ਨੂੰ ਲੈ ਕੇ ਗੱਲਬਾਤ ਕੀਤੀ। ਇਸ ’ਤੇ ਉਨ੍ਹਾਂ ਕਿਹਾ ਕਿ ਬੇਮੌਸਮੀ ਬਾਰਿਸ਼ ਕਾਰਣ ਕਣਕ ਦੀ ਫ਼ਸਲ ਸਰਕਾਰ ਦੇ ਮਾਪਦੰਡ ਤੋਂ ਜ਼ਿਆਦਾ ਖ਼ਰਾਬ ਹੋ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਫ਼ਸਲ ਖ਼ਰੀਦ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਹੈ। ਇਸ ਸਬੰਧੀ ਜਦ ਉੱਥੇ ਮੌਜੂਦ ਪਨਗਰੇਨ ਦੇ ਇੰਸਪੈਕਟਰ ਰਾਜਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀ ’ਚ ਆ ਰਹੀ ਕਣਕ ਸਰਕਾਰ ਦੀਆਂ ਕੰਡੀਸ਼ਨਾਂ ਮੁਤਾਬਕ ਸਹੀ ਨਹੀਂ ਹੈ। ਅਸੀਂ ਇਸ ਦੇ ਸੈਂਪਲ ਉੱਚ ਅਧਿਕਾਰੀਆਂ ਕੋਲ ਭੇਜੇ ਹਨ। ਜਲਦ ਹੀ ਉੱਚ ਅਧਿਕਾਰੀਆਂ ਵੱਲੋਂ ਟੀਮਾਂ ਦਾ ਗਠਨ ਕਰਕੇ ਮੰਡੀਆਂ ਵਿੱਚ ਭੇਜਿਆ ਜਾਵੇਗਾ ਅਤੇ ਇਹ ਟੀਮਾਂ ਫ਼ਸਲ ਬਾਰੇ ਸਾਰੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇਣਗੇ। ਉਸ ਤੋਂ ਬਾਅਦ ਫ਼ਸਲ ਦੀ ਖ਼ਰੀਦ ਸਬੰਧੀ ਜਿਵੇਂ ਵੀ ਸਾਨੂੰ ਹਦਾਇਤਾਂ ਹੋਣਗੀਆਂ। ਅਸੀਂ ਖ਼ਰੀਦ ਸ਼ੁਰੂ ਕਰ ਦਿਆਂਗੇ। ਇਹ ਸਾਰਾ ਕੰਮ ਇੱਕ ਦੋ ਦਿਨਾਂ ਵਿੱਚ ਹੀ ਪੂਰ੍ਹਾ ਕਰ ਲਿਆ ਜਾਵੇਗਾ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦੀ ਤੋਂ ਜਲਦੀ ਮੰਡੀ ‘ਚ ਆਈ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਤਾਂ ਜੋ ਮੰਡੀ ਵਿੱਚ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਕਿਸਾਨਾਂ ਦੀ ਮੰਡੀ ਵਿੱਚ ਪਈ ਫ਼ਸਲ ਦੀ ਵਿਕਰੀ ਸ਼ੁਰੂ ਹੋਵੇਗੀ ਅਤੇ ਸਰਕਾਰ ਇਸ ਪਾਸੇ ਕੀ ਕਦਮ ਉਠਾਉਂਦੀ ਹੈ ਜਾਂ ਫ਼ਿਰ ਇਸੇ ਤਰ੍ਹਾਂ ਹੀ ਮੰਡੀ ਵਿੱਚ ਬੈਠੇ ਕਿਸਾਨ ਖੱਜਲ ਖੁਆਰ ਹੁੰਦੇ ਰਹਿਣਗੇ।