ਸੜਕਾਂ ਕੰਢੇ ਲੱਗੇ ਕੂੜੇ ਦੇ ਢੇਰ ਬਣੇ ਲੋਕਾਂ ਲਈ ਮੁਸੀਬਤ
ਸ਼ਹਿਰ ਦੀਆਂ ਸੜਕਾਂ ਕਿਨਾਰੇ ਬਣੇ ਕੂੜਾ ਡੰਪਾਂ ਤੋਂ
Publish Date: Mon, 01 Jun 2026 06:35 PM (IST)
Updated Date: Tue, 02 Jun 2026 04:06 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹਿਰ ਦੀਆਂ ਸੜਕਾਂ ਕੰਢੇ ਬਣੇ ਕੂੜੇ ਡੰਪਾਂ ਤੋਂ ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਨਾ ਸਿਰਫ਼ ਬਦਬੂ ਫੈਲ ਰਹੀ ਹੈ, ਸਗੋਂ ਆਵਾਰਾ ਪਸ਼ੂ ਵੀ ਇਨ੍ਹਾਂ ਥਾਵਾਂ 'ਤੇ ਇਕੱਠੇ ਹੋ ਰਹੇ ਹਨ। ਇਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਲਈ ਸੜਕਾਂ 'ਤੇ ਲੰਘਣਾ ਮੁਸ਼ਕਿਲ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕੂੜੇ ਦੇ ਢੇਰ ਇਕੱਠੇ ਹੋ ਜਾਂਦੇ ਹਨ, ਜਦਕਿ ਹੋਰ ਸਮਿਆਂ ਵਿੱਚ ਵੀ ਕੂੜਾ ਨਿਯਮਿਤ ਤੌਰ 'ਤੇ ਨਹੀਂ ਚੁੱਕਿਆ ਜਾਂਦਾ। ਇਸ ਕਾਰਨ ਕੂੜਾ ਸੜਕਾਂ 'ਤੇ ਖਿਲਰ ਜਾਂਦਾ ਹੈ ਅਤੇ ਅਵਾਰਾ ਪਸ਼ੂ ਇਸ ‘ਤੇ ਇਕੱਠੇ ਹੋ ਜਾਂਦੇ ਹਨ। ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਵੀ ਇਸ ਸਮੱਸਿਆ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਜਾਂ ਤਾਂ ਬਦਬੂ ਵਿੱਚ ਆਪਣੀਆਂ ਦੁਕਾਨਾਂ 'ਤੇ ਬੈਠਣਾ ਪੈਂਦਾ ਹੈ ਜਾਂ ਫ਼ਿਰ ਕਈ ਵਾਰ ਦੁਕਾਨਾਂ ਬੰਦ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਰਾਜਵਿੰਦਰ ਸਿੰਘ, ਰਮੇਸ਼ ਕੁਮਾਰ, ਇੰਦਰਜੀਤ ਸਿੰਘ ਨੇ ਦੱਸਿਆ ਕਿ ਕੂੜੇ ਦੇ ਢੇਰ ਲਗਾਤਾਰ ਸੜਕਾਂ 'ਤੇ ਲੱਗੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਲਈ ਲੰਘਣਾ ਵੀ ਔਖਾ ਹੋ ਜਾਂਦਾ ਹੈ। ਕਈ ਲੋਕਾਂ ਨੂੰ ਬਦਬੂ ਤੋਂ ਬਚਣ ਲਈ ਆਪਣੇ ਨੱਕ 'ਤੇ ਹੱਥ ਰੱਖ ਕੇ ਲੰਘਣਾ ਪੈਂਦਾ ਹੈ। ਮਾਨਸਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਕੂੜੇ ਦੇ ਇਨ੍ਹਾਂ ਢੇਰਾਂ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਨਿਯਮਿਤ ਤੌਰ 'ਤੇ ਕੂੜਾ ਚੁੱਕਣ ਦੀ ਵਿਵਸਥਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਡੰਪ ਲੋਕਾਂ ਲਈ ਮੁਸੀਬਤ ਬਣ ਰਹੇ ਹਨ ਤਾਂ ਇਨ੍ਹਾਂ ਨੂੰ ਸੜਕਾਂ ਤੋਂ ਦੂਰ ਕਿਸੇ ਉਚਿਤ ਥਾਂ 'ਤੇ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੂੜੇ ਦੇ ਢੇਰਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਗੰਦਗੀ ਤੇ ਮੱਛਰ, ਮੱਖੀਆਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੋਰ ਵੱਧ ਸਕਦਾ ਹੈ।