ਹਾਦਸੇ ਰੋਕਣ ਲਈ ਬਲੈਕ ਸਪਾਟਜ਼ ਦੀ ਤੁਰੰਤ ਹੋਵੇ ਸ਼ਨਾਖ਼ਤ : ਡੀਸੀ
ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਕਮੀ
Publish Date: Wed, 14 Jan 2026 06:13 PM (IST)
Updated Date: Thu, 15 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਆਮ ਲੋਕਾਂ ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਸੜਕ ਸੁਰੱਖਿਆ ਮਹੀਨਾ-2026 ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ ਸੜਕੀ ਨਿਯਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਸੇ ਤਹਿਤ ਡੀਸੀ ਮਾਨਸਾ ਨਵਜੋਤ ਕੌਰ ਨੇ ਸਬੰਧਿਤ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਵਿੱਚ ਕਮੀ ਲਿਆਉਣ ਲਈ ਪ੍ਰਸ਼ਾਸਨ ਅਤੇ ਆਮ ਜਨਤਾ ਨੂੰ ਸਾਂਝਾ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸਤ੍ਰਿਤ ਅਤੇ ਬਹੁ-ਪੱਖੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਅਧੀਨ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸਬੰਧੀ ਸੈਮੀਨਾਰ, ਪੋਸਟਰ ਅਤੇ ਸਲੋਗਨ ਮੁਕਾਬਲੇ, ਕੁਇਜ਼ ਪ੍ਰੋਗਰਾਮ ਅਤੇ ਇੰਟਰਐਕਟਿਵ ਸੈਸ਼ਨ ਵੀ ਕਰਵਾਏ ਜਾਣਗੇ, ਤਾਂ ਜੋ ਨੌਜਵਾਨ ਵਰਗ ਨੂੰ ਛੋਟੀ ਉਮਰ ਤੋਂ ਹੀ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਜੋ ਬਲੈਕ ਸਪਾਟ ਹਨ, ਉਨ੍ਹਾਂ ਦੀ ਸ਼ਨਾਖ਼ਤ ਕਰਕੇ ਉਥੇ ਢੁਕਵੀ ਕਾਰਵਾਈ ਕਰਨ, ਤਾਂ ਜੋ ਅਜਿਹੀਆਂ ਥਾਵਾਂ 'ਤੇ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਨਾਲ ਹੀ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਅੰਦਰ ਭੇਜਣ ਦੀ ਹਦਾਇਤ ਕੀਤੀ। ਉਨ੍ਹਾਂ ਨਾਲ ਹੀ ਕਿਹਾ ਕਿ ਵੱਖ-ਵੱਖ ਯੂਨੀਅਨਾਂ ਵਿੱਚ ਜਾ ਕੇ ਡਰਾਇਵਰਾਂ ਦੀਆਂ ਅੱਖਾਂ ਦਾ ਚੈਕਅੱਪ ਵੀ ਕਰਵਾਇਆ ਜਾਵੇ ਅਤੇ ਵਾਹਨਾਂ ਤੇ ਰਿਫਲੈਕਟਰ ਵੀ ਲਗਾਏ ਜਾਣ। ਉਨ੍ਹਾਂ ਆਮ ਲੋਕਾਂ ਵਿੱਚ ਸੁਰੱਖਿਅਤ ਸੜਕ ਵਿਹਾਰ ਪੈਦਾ ਕਰਨ ਲਈ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਵੀ ਧੁੰਦ ਦੇ ਮੌਸਮ ਦੌਰਾਨ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਘੱਟ ਦਿੱਖ ਵਾਲੀਆਂ ਸਥਿਤੀਆਂ ਵਿੱਚ ਬਹੁਤ ਸਾਵਧਾਨੀ ਅਤੇ ਸੰਯਮ ਨਾਲ ਯਾਤਰਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਇਸ ਸੜਕ ਸੁਰੱਖਿਆ ਮਹੀਨੇ ਦੌਰਾਨ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਬੁਢਲਾਡਾ-ਕਮ-ਰਿਜਨਲ ਟਰਾਂਸਪੋਰਟ ਅਫ਼ਸਰ ਗਗਨਦੀਪ ਸਿੰਘ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਗੁਰਲੀਨ ਕੌਰ ਆਈ.ਏ.ਐਸ. (ਅੰਡਰ ਟ੍ਰੇਨਿੰਗ), ਐਸ.ਪੀ. (ਐਚ) ਪਰਦੀਪ ਸਿੰਘ ਸੰਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।