ਮਾਘੀ ਮੇਲੇ ’ਤੇ ਲਾਈਆਂ ਸਰਕਾਰੀ ਬੱਸਾਂ, ਸਵਾਰੀਆਂ ਖੱਜਲ-ਖੁਆਰ
ਸਰਕਾਰੀ ਬੱਸਾਂ ਦੇ ਮਾਘੀ ਦੇ ਮੇਲੇ ਤੇ ਲਿਜਾਣ
Publish Date: Wed, 14 Jan 2026 05:54 PM (IST)
Updated Date: Thu, 15 Jan 2026 04:07 AM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ
ਮਾਨਸਾ : ਸਰਕਾਰੀ ਬੱਸਾਂ ਦੇ ਮਾਘੀ ਦੇ ਮੇਲੇ ਤੇ ਲਿਜਾਣ ਕਰਕੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਬੱਸ ਅੱਡਾ ਮਾਨਸਾ ’ਤੇ ਬੱਸਾਂ ਵਾਲੇ ਕਾਊਂਟਰ ਖਾਲੀ ਨਜ਼ਰ ਆਏ। ਲੋਕ ਲੰਬਾ ਸਮਾਂ ਬੱਸਾਂ ਦੀ ਉਡੀਕ ਕਰਦੇ ਰਹੇ ਤੇ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਮਨ ਮਰਜ਼ੀ ਕਰਦੇ ਨਜ਼ਰ ਆਏ। ਬੱਸ ਅੱਡੇ ’ਤੇ ਬੱਸਾਂ ਨਾ ਹੋਣ ਕਰਕੇ ਲੋਕਾਂ ਵਿੱਚ ਰੋਸ ਵੀ ਵੇਖਣ ਨੂੰ ਮਿਲਿਆ। ‘ਆਪ’ ਵੱਲੋਂ ਮਾਘੀ ਦੇ ਮੇਲੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਕਾਨਫਰੰਸ ਦੌਰਾਨ ਸਰਕਾਰੀ ਬੱਸਾਂ ਲੈ ਕੇ ਜਾਣ ਕਰਕੇ ਮਾਨਸਾ ਦੇ ਬੱਸ ਸਟੈਂਡ ਵਿੱਚ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਬੱਡੀ ਟੂਰਨਾਮੈਂਟ ਤੇ ਜਾਣ ਵਾਲੇ ਹਰਦੀਪ ਅਤੇ ਉਸਦੇ ਦੋਸਤਾਂ ਨੇ ਕਿਹਾ ਕਿ ਅਸੀਂ ਕਾਫ਼ੀ ਸਮੇਂ ਤੋਂ ਬੱਸ ਦੀ ਉਡੀਕ ਕਰ ਰਹੇ ਸੀ ਪਰ ਸਾਨੂੰ ਬੱਸ ਨਹੀਂ ਮਿਲੀ। ਜਦ ਉਨ੍ਹਾਂ ਪ੍ਰਾਈਵੇਟ ਬੱਸ ਵਾਲੇ ਨੂੰ ਕੋਟੜਾ ਪਿੰਡ, ਜੋ ਮਾਨਸਾ ਸੁਨਾਮ ਰੋਡ ’ਤੇ ਸਥਿਤ ਹੈ ਜਾਣ ਲਈ ਕਿਹਾ ਤਾਂ ਕਿਸੇ ਵੀ ਪ੍ਰਾਈਵੇਟ ਵਾਲੇ ਨੇ ਕੋਟੜਾ ਪਿੰਡ ਬੱਸ ਰੋਕਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਭੀਖੀ ਜਾਂ ਸੁਨਾਮ ਜਾਣਾ ਹੈ ਤਾਂ ਬੱਸ ਵਿੱਚ ਚੜ੍ਹ ਸਕਦੇ ਹੋ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਬੱਸਾਂ ਹੁੰਦੀਆਂ ਤਾਂ ਇਹ ਪ੍ਰਾਈਵੇਟ ਵਾਲੇ ਆਪਣੀ ਮਨ ਮਰਜ਼ੀ ਨਾ ਕਰਦੇ। ਇਹੋ ਹਾਲ ਬੀਬੀਆਂ ਦਾ ਵੀ ਹੈ ਇਹ ਵੀ ਕਾਫੀ ਲੰਬੇ ਸਮੇਂ ਤੋਂ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਪਰ ਕੋਈ ਵੀ ਬਸ ਇੰਨ੍ਹਾਂ ਨੂੰ ਨਹੀਂ ਮਿਲ ਰਹੀ। ਜਦੋਂ ਇਸ ਸਬੰਧੀ ਪੀਆਰਟੀਸੀ ਬੱਸ ਬਢਲਾਡਾ ਡੀਪੂ ਦੇ ਐਮਐਸ ਆਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਢਲਾਡਾ ਡਿਪੂ ਵਿਚ 81 ਬੱਸਾਂ ਹਨ ਜਿਨ੍ਹਾਂ ਵਿੱਚੋਂ 50 ਮਾਘੀ ਦੇ ਮੇਲੇ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਗਈਆਂ ਹਨ ਅਤੇ ਬਾਕੀ ਉਨ੍ਹਾਂ ਕਿਹਾ ਕਿ ਤਕਰੀਬਨ 20-25 ਦੇ ਕਰੀਬ ਬੁਢਲਾਡਾ ਡੀਪੂ ਦੀਆਂ ਬੱਸਾਂ ਚਲ ਵੀ ਰਹੀਆਂ ਹਨ।