ਅੱਤ ਦੀ ਪੈ ਰਹੀ ਗਰਮੀ ਤੇ ਲੱਗ ਰਹੇ ਕੱਟਾਂ ਤੋਂ ਲੋਕ ਪਰੇਸ਼ਾਨ
ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਤੇਜ਼
Publish Date: Fri, 24 Apr 2026 05:59 PM (IST)
Updated Date: Sat, 25 Apr 2026 04:08 AM (IST)
-ਦੁਪਹਿਰੇ ਸੁੰਨਸਾਨ ਦਿਸਦੀਆਂ ਨੇ ਸੜਕਾਂ, ਵਿਦਿਆਰਥੀ ਵੀ ਹੋ ਜਾਂਦੇ ਨੇ ਪਸੀਨੋ ਪਸੀਨੀ, ਬਿਜਲੀ ਸਪਲਾਈ ਦੀ ਮੰਗ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਗਰਮੀ ਨੇ ਹਰ ਕਿਸੇ ਨੂੰ ਪਸੀਨੋ ਪਸੀਨੀ ਕਰ ਦਿੱਤਾ ਹੈ। ਜਿੱਥੇ ਤੇਜ਼ ਧੁੱਪ ਦੇ ਕਾਰਨ ਵਿਅਕਤੀ ਪ੍ਰੇਸ਼ਾਨ ਹੈ, ਉਥੇ ਗਰਮ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਕੁੱਝ ਦਿਨ ਹੋਰ ਇਸੇ ਤਰ੍ਹਾਂ ਗਰਮ ਹਵਾਵਾਂ ਚੱਲਣੀਆਂ ਹਨ। ਇਕ ਪਾਸੇ ਗਰਮੀ ਦੇ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ, ਉਥੇ ਹੀ ਅਲੱਗ ਅਲੱਗ ਜਗ੍ਹਾ ਬਿਜਲੀ ਦੇ ਵੀ ਕੱਟ ਲੱਗ ਰਹੇ ਹਨ। ਪਿੰਡਾਂ ’ਚ ਜ਼ਿਆਦਾ ਕੱਟ ਲੱਗ ਰਹੇ ਹਨ ਅਤੇ ਇਸ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਧਰਨਾ ਵੀ ਦਿੱਤਾ ਜਾ ਚੁੱਕਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੀ ਲਗਾਤਾਰ ਗਰਮੀ ਵੱਧ ਰਹੀ ਹੈ। ਧੁੱਪ ਦੇ ਜ਼ਿਆਦਾ ਤੇਜ਼ ਹੋਣ ਕਾਰਨ ਲੋਕਾਂ ਦਾ ਸਵੇਰੇ ਹੀ ਘਰਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ, ਜਦਕਿ ਦੁਪਹਿਰ ਵੇਲੇ ਹੋਰ ਵੀ ਜ਼ਿਆਦਾ ਗਰਮ ਹਵਾਵਾਂ ਚੱਲਣ ਲੱਗਦੀਆਂ ਹਨ। ਸਕੂਲਾਂ ’ਚੋਂ ਆਉਂਦੇ ਬੱਚਿਆਂ ਦਾ ਤਿੱਖੀ ਧੁੱਪ ਕਾਰਨ ਬੁਰਾ ਹਾਲ ਹੋ ਜਾਂਦਾ ਹੈ ਅਤੇ ਜੱਦੋਜਹਿਦ ਕਰਦੇ ਹੋਏ ਉਹ ਘਰ ਪੁੱਜਦੇ ਹਨ। ਕਈ ਵਿਦਿਆਰਥੀ ਰਸਤੇ ’ਚ ਪਾਣੀ ਦੀਆਂ ਟੈਂਕੀਆਂ ’ਤੇ ਪਾਣੀ ਭਰਦੇ ਨਜ਼ਰ ਆਉਂਦੇ ਹਨ। ਕਈ ਵਿਦਿਆਰਥੀ ਅਤੇ ਅਧਿਆਪਕ ਆਪਣੇ ਮੂੰਹ, ਕਪੜਿਆਂ ਨਾਲ ਢੱਕ ਕੇ ਆਉਂਦੇ ਜਾਂਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਕਈ ਲੋਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਦਫਤਰਾਂ ਵਿੱਚ ਪੱਖੇ, ਕੂਲਰ ਅਤੇ ਏਸੀ ਦੀ ਵਰਤੋਂ ਵੱਧ ਗਈ ਹੈ ਅਤੇ ਇਸੇ ਕਾਰਨ ਬਿਜਲੀ ਵਿਭਾਗ ਵੱਲੋਂ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਦੁਪਹਿਰ ਵੇਲੇ ਬੱਸਾਂ ‘ਚ ਸਵਾਰੀਆਂ ਵੀ ਘੱਟ ਹੀ ਨਜ਼ਰ ਆਉਂਦੀਆਂ ਹਨ। ਰਮੇਸ਼ ਕੁਮਾਰ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਗਰਮੀ ਕਾਰਨ ਦੁਪਹਿਰ ਵੇਲੇ ਸੜਕਾਂ ਤਪਣ ਲੱਗਦੀਆਂ ਹਨ, ਜਿਸ ਨਾਲ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਜ਼ਿਆਦਾਤਰ ਸੜਕਾਂ ਦੁਪਹਿਰ ਸਮੇਂ ਸੁੰਨੀਆਂ ਦਿਖਾਈ ਦਿੰਦੀਆਂ ਹਨ, ਜਦਕਿ ਸਵੇਰੇ ਅਤੇ ਸ਼ਾਮ ਦੇ ਸਮੇਂ ਰੌਣਕਾਂ ਵਧ ਜਾਂਦੀਆਂ ਹਨ।
ਬਿਜਲੀ ਕੱਟਾਂ ਦੇ ਸਬੰਧ ‘ਚ ਐਕਸੀਅਨ ਸੁਧੀਰ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਅਨੁਸਾਰ ਬਿਜਲੀ ਦੀ ਮੰਗ ਜ਼ਿਆਦਾ ਵੱਧਣ ਲੱਗੀ ਹੈ। ਬਿਜਲੀ ਕੱਟ ਕੁੱਝ ਲਗਾਉਣੇ ਪੈ ਰਹੇ ਹਨ ਤੇ ਪਿੰਡਾਂ ’ਚ ਲੱਗ ਰਹੇ ਹਨ। ਪਰ ਇਹ ਹੈੱਡ ਆਫ਼ਿਸ ’ਚ ਜਦ ਆਦੇਸ਼ ਆਉਂਦੇ ਹਨ ਤਦ ਹੀ ਲਗਾਉਣੇ ਪੈਂਦੇ ਹਨ। ਬਿਜਲੀ ਦਾ ਲੋਡ ਜ਼ਿਆਦਾ ਵੱਧ ਗਿਆ ਹੈ।