ਹਾਈਵੇ ’ਤੇ ਜਮ੍ਹਾਂ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ
ਸ਼ਹਿਰ ਦੀ ਮੇਨ ਰੋਡ ‘ਤੇ ਪਿਛਲੇ ਇੱਕ ਹਫ਼ਤੇ
Publish Date: Mon, 06 Apr 2026 07:16 PM (IST)
Updated Date: Tue, 07 Apr 2026 04:08 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸ਼ਹਿਰ ਦੀ ਮੁੱਖ ਰੋਡ ‘ਤੇ ਪਿਛਲੇ ਇੱਕ ਹਫ਼ਤੇ ਤੋਂ ਖੜ੍ਹੇ ਬਰਸਾਤੀ ਪਾਣੀ ਨੇ ਵਾਰਡ ਨੰਬਰ. 13 ਦੇ ਵਾਸੀਆਂ ਦੀ ਜ਼ਿੰਦਗੀ ਮੁਸ਼ਕਿਲ ਬਣਾ ਦਿੱਤੀ ਹੈ। ਗੰਦੇ ਪਾਣੀ ਦੀ ਭਰਮਾਰ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਤੰਗ ਆ ਕੇ ਅੱਜ ਇਲਾਕਾ ਵਾਸੀਆਂ ਨੇ ਮੁੱਖ ਹਾਈਵੇ ‘ਤੇ ਧਰਨਾ ਲਗਾ ਕੇ ਟ੍ਰੈਫ਼ਿਕ ਜਾਮ ਕਰ ਦਿੱਤਾ। ਮੁਜ਼ਾਹਰਾਕਾਰੀਆਂ ਨੇ ਨਗਰ ਪੰਚਾਇਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਸੜਕ ‘ਤੇ ਖੜ੍ਹਾ ਪਾਣੀ ਕੱਢਿਆ ਜਾਵੇ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ ਜਾਣ ਵਿੱਚ, ਬਜ਼ੁਰਗਾਂ ਨੂੰ ਲੰਘਣ ਵਿੱਚ ਅਤੇ ਧਾਰਮਿਕ ਸਥਾਨਾਂ ’ਤੇ ਜਾਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਖੜ੍ਹੇ ਗੰਦੇ ਪਾਣੀ ਕਾਰਨ ਮੱਛਰਾਂ ਦੀ ਵਾਧੂ ਪੈਦਾਵਾਰ ਹੋ ਰਹੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬੀਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਬਣ ਗਿਆ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਜੇ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਨਗਰ ਪੰਚਾਇਤ ਅਤੇ ਸੰਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਜਲਦੀ ਰਾਹਤ ਮਿਲ ਸਕੇ। ਮੌਕੇ ’ਤੇ ਪੁੱਜੇ ਕਾਰਜ ਸਾਧਕ ਅਫ਼ਸਰ ਭੀਖੀ ਕੁਲਦੀਪ ਸਿੰਘ ਧਾਲੀਵਾਲ ਨੇ ਤੁਰੰਤ ਪਾਣੀ ਕੱਢਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਕੌਂਸਲਰ ਹਰਪ੍ਰੀਤ ਸਿੰਘ ਚਹਿਲ, ਕੌਂਸਲਰ ਸੁਰੇਸ਼ ਕੁਮਾਰ ਬਿੰਦਲ, ਕੌਂਸਲਰ ਸੁਖਰਾਜ ਦਾਸ, ਅਜੈ ਰਿਸ਼ੀ, ਸਤਪਾਲ ਰਿਸ਼ੀ, ਚਰਨਜੀਤ ਕੌਰ, ਸੁਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।