- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਰਾਨ ਇਜਰਾਇਲ ਜੰਗ ਦਾ ਅਸਰ ਸਰਦੂਲਗੜ੍ਹ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਈਰਾਨ-ਇਜ਼ਰਾਇਲ ਜੰਗ ਦਾ ਅਸਰ ਸਰਦੂਲਗੜ੍ਹ ਇਲਾਕੇ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ। ਇਸ ਸਬੰਧੀ ਬੀਤੀ ਰਾਤ ਪਿੰਡ ਸਾਧੂਵਾਲਾ ਵਿਖੇ ਗੈਸ ਸਿਲੰਡਰ ਲੈ ਕੇ ਗਈ ਟ੍ਰੈਕਟਰ ਟਰਾਲੀ ਨੂੰ ਪਿੰਡ ਵਾਸੀਆਂ ਨੇ ਰੋਕ ਲਿਆ। ਪੱਤਰਕਾਰਾਂ ਨੂੰ ਬੁਲਾ ਕੇ ਇਸ ਸਬੰਧੀ ਪਿੰਡ ਦੇ ਸਾਬਕਾ ਮੈਂਬਰ ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਪਿਛਲੇ ਕਈ ਦਿਨਾਂ ਤੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਕਾਫ਼ੀ ਪਰੇਸ਼ਾਨ ਹਨ। ਸਰਦੂਲਗੜ੍ਹ ਏਜੰਸੀ ਵਾਲਿਆਂ ਨੇ ਸਿਲੰਡਰਾਂ ਦੀ ਟਰਾਲੀ ਅੱਜ ਸ਼ਾਮ ਪਿੰਡ ’ਚ ਭੇਜੀ। ਪਰ ਉਨ੍ਹਾਂ ਵੱਲੋਂ ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਸਿਲੰਡਰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੀ ਐਡਵਾਂਸ ਬੁਕਿੰਗ ਹੋਈ ਹੈ ਤੇ ਓਟੀਪੀ ਆਇਆ ਹੈ। ਇਸ ਤਰ੍ਹਾਂ ਦੇ ਦੋ ਚਾਰ ਵਿਅਕਤੀ ਹੀ ਸਨ, ਜਿਨ੍ਹਾਂ ਦੀ ਬੁਕਿੰਗ ਹੋਈ ਵੀ ਸੀ, ਕਿਉਂਕਿ ਹੁਣ ਪਿਛਲੇ ਕਈ ਦਿਨਾਂ ਤੋਂ ਕੰਪਨੀ ਦਾ ਬੁਕਿੰਗ ਨੰਬਰ ਬੰਦ ਚੱਲ ਰਿਹਾ ਹੈ।
ਇਸ ਕਾਰਨ ਨਾ ਬੁਕਿੰਗ ਹੋ ਰਹੀ ਹੈ ਤੇ ਨਾ ਹੀ ਓਟੀਪੀ ਆ ਰਿਹਾ ਹੈ। ਸਾਨੂੰ ਪਿਛਲੇ ਕਈ ਮਹੀਨੇ ਹੋ ਗਏ ਅਸੀਂ ਸਿਲੰਡਰ ਨਹੀਂ ਭਰਵਾਇਆ। ਉਨ੍ਹਾਂ ਕਿਹਾ ਕਿ ਏਜੰਸੀ ਮਾਲਕ ਕਹਿ ਰਹੇ ਹਨ ਕਿ ਜੇਕਰ ਤੁਹਾਡਾ ਸਿਲੰਡਰ ਬੁੱਕ ਹੋਇਆ ਹੈ ਅਤੇ ਤੁਹਾਡੇ ਕੋਲ ਓਟੀਪੀ ਹੈ ਤਾਂ ਅਸੀਂ ਤੁਹਾਨੂੰ ਸਿਲੰਡਰ ਦੇ ਸਕਦੇ ਹਾਂ। ਬਿਨਾਂ ਬੁਕਿੰਗ ਤੇ ਓਟੀਪੀ ਤੋਂ ਸਿਲੰਡਰ ਨਹੀਂ ਦਿੱਤਾ ਜਾ ਸਕਦਾ। ਪਿੰਡ ਵਾਸੀਆਂ ਨੇ ਕਿਹਾ ਕਿ ਏਜੰਸੀ ਦਾ ਬੁਕਿੰਗ ਨੰਬਰ ਬੰਦ ਹੈ ਤਾਂ ਉਹ ਕਿਸ ਤਰ੍ਹਾਂ ਬੁੱਕ ਕਰਵਾਉਣ ਜੇਕਰ ਉਨ੍ਹਾਂ ਨੇ ਇਸ ਸਬੰਧੀ ਏਜੰਸੀ ਮਾਲਕ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਿੱਛੋਂ ਹੀ ਕੋਈ ਰੁਕਾਵਟ ਆ ਰਹੀ ਹੈ। ਇਸ ਵਿਚ ਉਹ ਕੁਝ ਨਹੀਂ ਕਰ ਸਕਦੇ ਪਿੰਡ ਵਾਸੀਆਂ ਅਨੁਸਾਰ ਸਿਲੰਡਰ ਨਾ ਮਿਲਣ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਹੇ ਹਨ ਅਤੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਮਜਬੂਰੀਵੱਸ ਉਨ੍ਹਾਂ ਨੂੰ ਗੈਸ ਏਜੰਸੀ ਅੱਗੇ ਧਰਨਾ ਲਾਉਣਾ ਪਵੇਗਾ।
ਇਸ ਸਬੰਧੀ ਜਦੋਂ ਏਜੰਸੀ ਮਾਲਕ ਰਾਜੂ ਅਰੋੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ ਹੈ ਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਬਿਨ੍ਹਾਂ ਬੁਕਿੰਗ ਤੋਂ ਸਿਲੰਡਰ ਨਹੀਂ ਦੇ ਸਕਦੇ। ਜਦ ਉਨ੍ਹਾਂ ਨਾਲ ਬੁਕਿੰਗ ਨੰਬਰ ਬੰਦ ਹੋਣ ਦੀ ਗੱਲ ਕੀਤੀ। ਇਹ ਪਿੱਛੇ ਤੋਂ ਹੀ ਰੁਕਾਵਟ ਹੈ। ਇਸ ਸਬੰਧੀ ਉਹ ਕਈ ਵਾਰ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਅਫ਼ਸਰ ਅਤੇ ਡੀਸੀ ਮਾਨਸਾ ਨਾਲ ਵੀ ਗੱਲ ਕਰ ਚੁੱਕੇ ਹਨ। ਬੁਕਿੰਗ ਨੰਬਰ ਤੋਂ ਇਲਾਵਾ ਸਿਲੰਡਰ ਬੁੱਕ ਕਰਵਾਉਣ ਲਈ ਹੋਰ ਵੀ ਕਈ ਰਸਤੇ ਹਨ, ਜਿਵੇਂ ਗੂਗਲ ਪੇ ’ਤੇ ਜਾ ਕੇ ਵੀ ਤੁਸੀਂ ਸਿਲੰਡਰ ਬੁੱਕ ਕਰ ਸਕਦੇ ਹੋ ਪਰ ਲੋਕ ਜਾਗਰੂਕ ਨਹੀਂ ਹਨ। ਇਸ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਵੱਡੀ ਗਿਣਤੀ ’ਚ ਬੁਕਿੰਗ ਕਰਵਾਉਣ ਕਾਰਨ ਕੰਪਨੀ ਦਾ ਫ਼ੋਨ ਨੰਬਰ ਹਰ ਸਮੇਂ ਵਿਅਸਤ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਜਦੋਂ ਉਨ੍ਹਾਂ ਸ਼ਹਿਰ ’ਚ ਬਲੈਕ ’ਤੇ ਵਿਕ ਰਹੇ ਸਿਲੰਡਰਾਂ ਦੇ ਸਬੰਧ ’ਚ ਕੋਈ ਕਾਰਵਾਈ ਕੀਤੇ ਜਾਵੇਗੀ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ।