ਗਰਮੀ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਹਾਲ
ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਗਰਮ ਲੂ
Publish Date: Thu, 23 Apr 2026 05:29 PM (IST)
Updated Date: Fri, 24 Apr 2026 04:04 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਤੇਜ਼ ਧੁੱਪ ਅਤੇ ਗਰਮ ਹਵਾਵਾਂ ਚੱਲ ਰਹੀਆਂ ਹਨ। ਇਸ ਨੇ ਹਰ ਇੱਕ ਵਿਅਕਤੀ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਜਿੱਥੇ ਆਮ ਲੋਕਾਂ ਨੂੰ 10 ਵਜੇ ਤੋਂ ਬਾਅਦ ਹੀ ਘਰਾਂ ’ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ, ਉਥੇ ਹੀ ਦੁਪਹਿਰ ਵੇਲੇ ਸਕੂਲਾਂ ’ਚੋਂ ਆਉਂਦੇ ਵਿਦਿਆਰਥੀਆਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਛੁੱਟੀਆਂ ਬਾਅਦ ਘਰ ਵਾਪਸ ਆਉਂਦੇ ਸਮੇਂ ਬੱਚੇ ਤਿੱਖੀ ਗਰਮੀ ਨਾਲ ਜੂਝਦੇ ਹੋਏ ਦਿਖਾਈ ਦਿੰਦੇ ਹਨ। ਕਈ ਰਸਤੇ ’ਚ ਪਾਣੀ ਦੀਆਂ ਟੈਂਕੀਆਂ ’ਤੇ ਪਾਣੀ ਭਰਦੇ ਨਜ਼ਰ ਆਉਂਦੇ ਹਨ। ਕਈ ਵਿਦਿਆਰਥੀ ਅਤੇ ਅਧਿਆਪਕ ਆਪਣੇ ਮੂੰਹ, ਕਪੜਿਆਂ ਨਾਲ ਢੱਕ ਕੇ ਆਉਂਦੇ ਜਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕਈ ਲੋਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਦਫਤਰਾਂ ਵਿੱਚ ਪੱਖੇ, ਕੂਲਰ ਅਤੇ ਏਸੀ ਦੀ ਵਰਤੋਂ ਵੱਧ ਗਈ ਹੈ, ਫ਼ਿਰ ਵੀ ਲੋਕਾਂ ਨੂੰ ਗਰਮੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਮੇਸ਼ ਕੁਮਾਰ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਗਰਮੀ ਕਾਰਨ ਦੁਪਹਿਰ ਵੇਲੇ ਸੜਕਾਂ ਤਪਣ ਲੱਗਦੀਆਂ ਹਨ, ਜਿਸ ਨਾਲ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਜ਼ਿਆਦਾਤਰ ਸੜਕਾਂ ਦੁਪਹਿਰ ਸਮੇਂ ਸੁੰਨੀਆਂ ਦਿਖਾਈ ਦਿੰਦੀਆਂ ਹਨ, ਜਦਕਿ ਸਵੇਰੇ ਅਤੇ ਸ਼ਾਮ ਦੇ ਸਮੇਂ ਰੌਣਕਾਂ ਵਧ ਜਾਂਦੀਆਂ ਹਨ।