- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਦੀਆਂ ਲਟਕਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਹ ਮਸਲੇ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਹ ਜਾਣਕਾਰੀ ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਨੇ ਦਿੱਤੀ। ਸਮੂਹ ਪੰਜਾਬ ਦੇ ਡਾਟਾ ਐਂਟਰੀ ਓਪਰੇਟਰ ਪਿਛਲੇ ਕਈ ਸਾਲਾਂ ਤੋਂ ਫ਼ਰਦ ਕੇਂਦਰਾਂ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। 17–18 ਸਾਲਾਂ ਦੀ ਲਗਾਤਾਰ ਸੇਵਾ ਦੇ ਬਾਵਜੂਦ ਅੱਜ ਦੀ ਮਹਿੰਗਾਈ ਨੂੰ ਧਿਆਨ ’ਚ ਰੱਖਦਿਆਂ ਸਾਡੀਆਂ ਤਨਖ਼ਾਹਾਂ ਵਿੱਚ ਕੋਈ ਵੱਡਾ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ ਉਹ ਸਹੂਲਤਾਂ ਦਿੱਤੀਆਂ ਗਈਆਂ ਹਨ, ਜੋ ਇੱਕ ਮੁਲਾਜ਼ਮ ਨੂੰ ਕਿਰਤ ਕਾਨੂੰਨਾਂ ਅਨੁਸਾਰ ਮਿਲਣੀਆਂ ਚਾਹੀਦੀਆਂ ਹਨ। ਇੱਥੋਂ ਤਕ ਕਿ ਸਾਨੂੰ ਕਿਰਤ ਕਾਨੂੰਨ ਮੁਤਾਬਕ ਡੀਸੀ ਰੇਟ ਤਨਖ਼ਾਹ ਵੀ ਕਦੇ ਨਹੀਂ ਦਿੱਤੀ ਗਈ। ਸੀਐੱਮਐੱਸ ਕੰਪਿਊਟਰ ਲਿਮ. ਕੰਪਨੀ ਵੱਲੋਂ ਅਕਤੂਬਰ 2024 ਤੋਂ ਲਗਾਤਾਰ ਇਹ ਪ੍ਰਥਾ ਅਪਣਾਈ ਜਾ ਰਹੀ ਹੈ ਕਿ 2–3 ਮਹੀਨੇ ਕੰਮ ਕਰਵਾ ਕੇ ਸਿਰਫ਼ ਇਕ ਮਹੀਨੇ ਦੀ ਤਨਖ਼ਾਹ ਦਿੱਤੀ ਜਾਂਦੀ ਹੈ। ਜਦੋਂ ਅਸੀਂ ਆਪਣੀ ਬਣਦੀ ਤਨਖ਼ਾਹ ਦੀ ਮੰਗ ਲਈ ਕਲਮ-ਛੋੜ ਹੜਤਾਲ ਕਰਦੇ ਹਾਂ ਤਾਂ ਕੰਪਨੀ ਵੱਲੋਂ ਉਨ੍ਹਾਂ ਦਿਨਾਂ ਦੀ ਤਨਖ਼ਾਹ ਵੀ ਕੱਟ ਲਈ ਜਾਂਦੀ ਹੈ। ਉੱਪਰੋਂ ਕੰਪਨੀ ਸਿਰਫ਼ ਵ੍ਹਟਸਐਪ ਮੈਸੇਜ ਰਾਹੀਂ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਰਹੀ ਹੈ ਕਿ ਜਦੋਂ ਤੱਕ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਬਿਲ ਪਾਸ ਨਹੀਂ ਹੁੰਦੇ, ਤਦ ਤੱਕ ਤਨਖ਼ਾਹ ਨਹੀਂ ਦਿੱਤੀ ਜਾਵੇਗੀ। ਇਹ ਪੂਰ੍ਹੀ ਤਰ੍ਹਾਂ ਬੇਇਨਸਾਫ਼ੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਜਦੋਂ ਵੀ ਅਸੀਂ ਆਪਣੀ ਤਨਖ਼ਾਹ ਦੀ ਮੰਗ ਕਰਦੇ ਹਾਂ ਤਾਂ ਕੰਪਨੀ ਸਰਕਾਰ ਵੱਲੋਂ ਬਿਲ ਪਾਸ ਨਾ ਹੋਣ ਦਾ ਬਹਾਨਾ ਬਣਾ ਕੇ ਹੱਥ ਖੜ੍ਹੇ ਕਰ ਲੈਂਦੀ ਹੈ, ਜਦਕਿ ਕੰਪਨੀ ਖੁਦ ਹਰ ਤਰ੍ਹਾਂ ਦਾ ਮੁਨਾਫ਼ਾ ਲੈ ਰਹੀ ਹੈ ਪਰ ਓਪਰੇਟਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ। ਅੰਤ ਵਿੱਚ ਐਸੋਸੀਏਸ਼ਨ ਨੇ ਸਾਫ਼ ਕੀਤਾ ਕਿ ਸੂਬੇ ਦੇ ਸਮੂਹ ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਹੜਤਾਲ ਨਹੀਂ ਕਰਨਾ ਚਾਹੁੰਦੇ। ਪਰ ਕੰਪਨੀ ਵੱਲੋਂ ਵਾਰ-ਵਾਰ ਤਨਖ਼ਾਹ ’ਚ ਹੋ ਰਹੀ ਦੇਰੀ ਤੋਂ ਨਿਰਾਸ਼ ਹੋ ਕੇ ਫ਼ਰਦ ਕੇਂਦਰ ਕੰਪਿਊਟਰ ਓਪ੍ਰੇਟਰ ਐਸੋਸੀਏਸ਼ਨ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਮਹੀਨਾ ਦਸੰਬਰ 2025 ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ। ਇਸ ਦੇ ਨਾਲ-ਨਾਲ ਜਿਨ੍ਹਾਂ ਵੀ ਕੰਪਿਊਟਰ ਓਪਰੇਟਰ ਵਰਕਰਾਂ ਦੇ ਈਐੱਸਆਈਸੀ ਕਾਰਡ ਤੇ ਈਪੀਐੱਫ ਫੰਡ ਨਹੀਂ ਕੱਟੇ ਜਾ ਰਹੇ ਤੇ ਜਿਨ੍ਹਾਂ ਨੂੰ ਈਐਸਆਈਸੀ ਕਾਰਡ ਦਾ ਐਪਲੀਕੇਸ਼ਨ ਇਸੋਰੈਂਸ ਨੰਬਰ (ਆਈ.ਪੀ. ਨੰਬਰ) ਨਹੀਂ ਦਿੱਤਾ ਗਿਆ, ਉਹ ਤੁਰੰਤ ਮੁਹੱਈਆ ਕਰਵਾਏ ਜਾਣ। ਜਿਨ੍ਹਾਂ ਪਿੰਡਾਂ ’ਚ ਜਮ੍ਹਾਂਬੰਦੀ ਵੈਲੀਡੇਸ਼ਨ (ਪੰਜ ਸਾਲਾਂ) ਦਾ ਕੰਮ ਚੱਲ ਰਿਹਾ ਹੈ, ਉਨ੍ਹਾਂ ਦਾ ਲੌਗਇਨ ਫਰਦ ਕੇਂਦਰ ਦੇ ਸਿਸਟਮ ’ਤੇ ਕੀਤਾ ਜਾਵੇ। ਜੇਕਰ ਮੰਗਾ ਤੁਰੰਤ ਨਾ ਮੰਨੀਆਂ ਗਈਆਂ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।