ਸੀਵਰੇਜ ਦੇ ਟੁੱਟੇ ਢੱਕਣਾਂ ਤੋਂ ਰਾਹਗੀਰ ਪਰੇਸ਼ਾਨ
ਸਥਾਨਕ ਸ਼ਹਿਰ ਦੀਆਂ ਸੜ੍ਹਕਾਂ ’ਤੇ
Publish Date: Sun, 01 Feb 2026 06:38 PM (IST)
Updated Date: Mon, 02 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਸ਼ਹਿਰ ਵਿਚ ਸੜਕਾਂ ’ਤੇ ਸੀਵਰੇਜ਼ ਸਿਸਟਮ ਦੇ ਖੁੱਲ੍ਹੇ ਅਤੇ ਟੁੱਟੇ ਢੱਕਣ ਰਾਹਗੀਰਾਂ ਲਈ ਖ਼ਤਰਾ ਬਣੇ ਹੋਏ ਹਨ। ਇਸ ਕਾਰਨ ਸ਼ਹਿਰ ‘ਚ ਕਈ ਦੁਰਘਟਨਾਵਾਂ ਹੋ ਰਹੀਆਂ ਹਨ। ਹਾਲਾਂਕਿ ਅਜਿਹੀਆਂ ਘਟਨਾਵਾਂ ਦੇ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਨੀਂਦ ਨਹੀਂ ਖੁੱਲ੍ਹ ਰਹੀ। ਸ਼ਹਿਰ ਦੇ ਭਾਈ ਦਿਆਲਪੁਰਾ ਰੋਡ ਤੋਂ ਇਲਾਵਾ ਸ਼ਹਿਰ ਦੀਆਂ ਅਨੇਕਾਂ ਹੋਰ ਥਾਵਾਂ ’ਤੇ ਸੀਵਰੇਜ ਦੇ ਮੇਨਹੋਲਾਂ ਦੇ ਢੱਕਣ ਖੁੱਲ੍ਹੇ ਪਏ ਹਨ ਅਤੇ ਕਈ ਟੁੱਟੇ ਹੋਏ ਹਨ। ਇਹ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸੀਵਰੇਜ ਦੇ ਮੇਨ ਹੋਲ ਜ਼ਿਆਦਾਤਰ ਦੋਪਹੀਆ ਵਾਹਨਾਂ ਲਈ ਜ਼ਿਆਦਾ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਵੱਖ-ਵੱਖ ਸ਼ਹਿਰ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੀਹਾਂ ਦੇ ਦਿਨਾਂ ’ਚ ਇਹ ਖੁੱਲ੍ਹੇ ਹੋਏ ਮੇਨ ਹੋਲ ਹੋਰ ਵੀ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ ਕਿਉਂਕਿ ਇਨ੍ਹਾਂ ’ਚ ਪਾਣੀ ਭਰਨ ਬਾਅਦ ਮੈਨ ਹੋਲਾਂ ਦਾ ਪਤਾ ਨਹੀਂ ਚੱਲਦਾ। ਇਸ ਕਾਰਨ ਖ਼ਤਰਾ ਹੋਰ ਵੱਧ ਜਾਂਦਾ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਵਿਭਾਗੀ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਇਨ੍ਹਾਂ ਸੀਵਰੇਜ਼ ਦੇ ਟੁੱਟੇ ਢੱਕਣਾਂ ਤੇ ਸੀਵਰੇਜ ਦੇ ਮੈਨਹੋਲਾਂ ਨੂੰ ਕਵਰ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।