ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰ ਪਰੇਸ਼ਾਨ
ਪਿਛਲੇ ਕਈ ਦਿਨਾਂ ਤੋਂ ਗੰਦੇ ਪਾਣੀ ਦੀ ਨਿਕਾਸੀ
Publish Date: Wed, 11 Mar 2026 08:33 PM (IST)
Updated Date: Thu, 12 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਕਈ ਦਿਨਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਅਤੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਬਰੇਟਾ ਬੁਢਲਾਡਾ ਹਾਈਵੇ ਸੜਕ ਤੇ ਮੁਲਾਜ਼ਮ ਕਲੋਨੀ ਦੇ ਨਜ਼ਦੀਕ ਪਿੱਛੋਂ ਆ ਰਹੇ ਗਲੀਆਂ, ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗੰਦਾ ਪਾਣੀ ਸੜਕ ਤੇ ਖਿਲਰਦਾ ਦਿਖਾਈ ਦੇ ਰਿਹਾ ਹੈ, ਜਿਸਨੂੰ ਲੈ ਕੇ ਰਾਹਗੀਰ ਅਤੇ ਕਿਸਾਨ ਬਹੁਤ ਪ੍ਰੇਸ਼ਾਨ ਹਨ। ਇਹ ਪਾਣੀ ਸੜਕ ਤੇ ਖੇਤਾਂ ’ਚ ਦਾਖ਼ਲ ਹੋ ਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਅਤੇ ਇਸ ਪਾਣੀ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਮੱਸਿਆਂ ਦਾ ਹੱਲ ਕਰਨ ਦੀ ਬਜਾਏ ਨਗਰ ਕੌਂਸਲ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਜੋ ਲਗਦਾ ਹੈ ਕੋਈ ਵੱਡਾ ਹਾਦਸਾ ਹੋਣ ਤੋਂ ਬਾਅਦ ਹੀ ਉੱਠੇਗਾ। ਜ਼ਿਕਰਯੋਗ ਹੈ ਕਿ ਬਰਸਾਤੀ ਦਿਨਾਂ ਵਿਚ ਰਾਹਗੀਰਾਂ ਤੇ ਕਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਹੋਰ ਵੀ ਜ਼ਿਆਦਾ ਵੱਧ ਜਾਂਦੀਆਂ ਹਨ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਸੜਕ ਦੇ ਵਿਚਕਾਰ ਹੋਰ ਫ਼ੈਲ ਜਾਂਦਾ ਹੈ। ਰਾਹਗੀਰਾਂ ਨੇ ਪੰਜਾਬ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਤੋਂ ਪਹਿਲ ਦੇ ਆਧਾਰ ਤੇ ਉਕਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਰੋਜ਼ ਰੋਜ਼ ਦੀ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਣ। ਜਦ ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਬਰੇਟਾ ਦੇ ਕਾਰਜਸਾਧਕ ਅਫ਼ਸਰ ਸਿਕੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਸਮੱਸਿਆਂ ਦਾ ਇੱਕ ਦੋ ਦਿਨ ਵਿੱਚ ਹੀ ਠੋਸ ਹੱਲ ਕਰ ਦਿੱਤਾ ਜਾਵੇਗਾ।