ਪੜ੍ਹਾਈ, ਪੇਪਰ ਤਿਆਰੀ ਤੇ ਨਸ਼ਿਆਂ ਤੋਂ ਬਚਾਅ ‘ਤੇ ਵਰਕਸ਼ਾਪ
ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ
Publish Date: Sat, 07 Feb 2026 05:31 PM (IST)
Updated Date: Sun, 08 Feb 2026 04:03 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਕੂਲ ਸਿੱਖਿਆ ਵਿਭਾਗ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਪੇ ਵਰਕਸ਼ਾਪ 2.0 ਦਾ ਸਾਰੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਆਯੋਜਨ ਕੀਤਾ ਗਿਆ। ਇਸ ’ਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨਾਲ ਸੰਬੰਧਿਤ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਵਰਕਸ਼ਾਪ ਦੇ ਮੁੱਖ ਏਜੰਡੇ ਦਾਖ਼ਲਾ ਮੁਹਿੰਮ, ਆਉਣ ਵਾਲੇ ਪੇਪਰਾਂ ਦੀ ਤਿਆਰੀ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਾਉਣ ਸਬੰਧੀ ਮਾਪਿਆਂ ਦੀ ਭੂਮਿਕਾ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਵਿੱਚ ਅਧਿਆਪਕਾ ਦਾ ਸਹਿਯੋਗ ਕਰਨ। ਪੇਪਰਾਂ ਦੀ ਤਿਆਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਮਾਪਿਆਂ ਨੂੰ ਕਿਹਾ ਕਿ ਬੱਚਿਆਂ ਤੇ ਬੇਲੋੜਾ ਦਬਾਅ ਨਾ ਪਾਉਣ ਅਤੇ ਉਨ੍ਹਾਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਨ। ਮਾਪਿਆਂ ਨੂੰ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ ’ਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਗੁਣਵੱਤਾ ਤੇ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮੁਫ਼ਤਅਤੇ ਮਿਆਰੀ ਸਿੱਖਿਆ ਦੇ ਨਾਲ ਨਾਲ ਕਿਤਾਬਾਂ, ਯੂਨੀਫ਼ਾਰਮ, ਮਿਡ-ਡੇ ਮੀਲ, ਵਜ਼ੀਫ਼ੇ ਤੇ ਆਵਾਜਾਈ ਵਰਗੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਮਿਲਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਲੈਣ। ਨਸ਼ਿਆਂ ਤੋਂ ਬਚਾਅ ਸੰਬੰਧੀ ਚਰਚਾ ਦੌਰਾਨ ਮਾਪਿਆਂ ਨੂੰ ਕਿਹਾ ਕਿ ਉਹ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ, ਉਨ੍ਹਾਂ ਦੀ ਸੰਗਤ ’ਤੇ ਨਜ਼ਰ ਰੱਖਣ ਤੇ ਸਕਾਰਾਤਮਕ ਸਰਗਰਮੀਆਂ ਵੱਲ ਪ੍ਰੇਰਿਤ ਕਰਨ। ਵਰਕਸ਼ਾਪ ਦੇ ਅੰਤ ’ਚ ਮਾਪਿਆਂ ਨੇ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਨੂੰ ਬਹੁਤ ਲਾਭਦਾਇਕ ਦੱਸਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਵਰਕਸ਼ਾਪਾਂ ਕਰਵਾਉਣ ਦੀ ਮੰਗ ਕੀਤੀ।